ਲੰਡਨ – ਆਸਟਰੇਲੀਅਨ ਕ੍ਰਿਕਟ ਟੀਮ ਦੇ ਸਹਿ-ਕੋਚ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਟੀਮ ਦੀ ਆਖ਼ਰੀ ਗਰੁੱਪ ਮੈਚ ਵਿੱਚ ਹਾਰ ਅਤੇ ਖਿਡਾਰੀਆਂ ਦੀਆਂ ਸੱਟਾਂ ਕਾਰਣ ਉਸ ਨੂੰ ਇੰਗਲੈਂਡ ਵਿਰੁੱਧ ਆਪਣੇ ਸੈਮੀਫ਼ਾਈਨਲ ਮੁਕਾਬਲੇ ਵਿੱਚ ਨੁਕਸਾਨ ਚੁੱਕਣਾ ਪੈ ਸਕਦਾ ਹੈ। ਸਾਬਕਾ ਚੈਂਪੀਅਨ ਆਸਟਰੇਲੀਆ ਨੂੰ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਦੱਖਣੀ ਅਫ਼ਰੀਕਾ ਹੱਥੋਂ ਹਾਰ ਝੱਲਣੀ ਪਈ ਸੀ ਜਿਸ ਕਾਰਣ ਉਹ ਅੰਕ ਸੂਚੀ ਵਿੱਚ ਹੇਠਾਂ ਖਿਸਕ ਕੇ ਦੂਜੇ ਨੰਬਰ ‘ਤੇ ਆ ਗਿਆ ਸੀ ਅਤੇ ਭਾਰਤੀ ਟੀਮ ਚੋਟੀ ‘ਤੇ ਪਹੁੰਚ ਗਈ ਸੀ। ਉਥੇ ਟੀਮ ਦੇ ਖਿਡਾਰੀਆਂ ਉਸਮਾਨ ਖਵਾਜਾ ਅਤੇ ਮਾਰਕਸ ਸਟੋਇਨਸ ਨੂੰ ਸੱਟ ਲੱਗ ਗਈ ਹੈ ਜਿਸ ਕਾਰਨ ਉਨ੍ਹਾਂ ਦੀ ਜਗ੍ਹਾ ਟੀਮ ਵਿੱਚ ਮੈਥਿਊ ਵੇਡ ਅਤੇ ਮਿਚੈਲ ਮਾਰਸ਼ ਨੂੰ ਲੋੜ ਪੈਣ ‘ਤੇ ਜ਼ਖ਼ਮੀ ਖਿਡਾਰੀਆਂ ਨੂੰ ਕਵਰ ਕਰ ਲਈ ਆਸਟਰੇਲੀਆ-A ਦੇ ਦੌਰੇ ਤੋਂ ਬੁਲਾਇਆ ਗਿਆ ਹੈ।
ਸ਼ੌਨ ਮਾਰਸ਼ ਨੈੱਟ ਸੈਸ਼ਨ ਵਿੱਚ ਜ਼ਖ਼ਮੀ ਹੋ ਕੇ ਪਹਿਲਾਂ ਹੀ ਟੀਮ ਵਿੱਚੋਂ ਬਾਹਰ ਹੋ ਚੁੱਕਾ ਹੈ। ਸਾਬਕਾ ਚੈਂਪੀਅਨ ਆਸਟਰੇਲੀਆ ਨੇ ਵੀਰਵਾਰ ਨੂੰ ਮੇਜ਼ਬਾਨ ਇੰਗਲੈਂਡ ਨਾਲ ਦੂਜੇ ਸੈਮੀਫ਼ਾਈਨਲ ਵਿੱਚ ਭਿੜਨਾ ਹੈ ਅਤੇ ਉਸ ਤੋਂ ਪਹਿਲਾਂ ਖਿਡਾਰੀਆਂ ਦੀਆਂ ਸੱਟਾਂ ਨੇ ਉਸ ਦੀ ਸਿਰਦਰਦੀ ਵਧਾ ਦਿੱਤੀ ਹੈ। ਟੀਮ ਦੇ ਸਹਿ-ਕੋਚ ਪੋਂਟਿੰਗ ਨੇ ਮੌਜੂਦਾ ਸਥਿਤੀ ‘ਤੇ ਨਿਰਾਸ਼ਾ ਜਤਾਉਂਦਿਆਂ ਕਿਹਾ, ”ਵਿਸ਼ਵ ਕੱਪ ਵਿੱਚ ਅਜਿਹਾ ਹੋਣਾ ਨਵੀਂ ਗੱਲ ਨਹੀਂ ਹੈ, ਪਰ ਸੈਮੀਫ਼ਾਈਨਲ ਤੋਂ ਠੀਕ ਪਹਿਲਾਂ ਆਖ਼ਰੀ ਗਰੁੱਪ ਮੈਚ ਵਿੱਚ ਇਹ ਹੋਣਾ ਬਹੁਤ ਵੱਖਰਾ ਹੈ। ਜੇਕਰ ਸੱਚ ਕਹਾਂ ਤਾਂ ਇਹ ਚੰਗੀ ਸਥਿਤੀ ਨਹੀਂ, ਖਾਸ ਤੌਰ ‘ਤੇ ਤੁਸੀਂ ਇੰਨੀਆਂ ਤਬਦੀਲੀਆਂ ਨਾਲ ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿੱਚ ਨਹੀਂ ਉੱਤਰਨਾ ਚਾਹੁੰਦੇ।”