ਮੈਨਚੈਸਟਰ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ICC ਵਰਲਡ ਕੱਪ ਦੇ ਮੰਗਲਵਾਰ ਨੂੰ ਨਿਊ ਜ਼ੀਲੈਂਡ ਖ਼ਿਲਾਫ਼ ਮਹੱਤਵਪੂਰਣ ਸੈਮੀਫ਼ਾਈਨਲ ਲਈ ਸ਼ਾਨਦਾਰ ਫ਼ੌਰਮ ‘ਚ ਖੇਡ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਅੰਤਿਮ ਗਿਆਰਾਂ ਤੋਂ ਬਾਹਰ ਰੱਖਣ ਦਾ ਹੈਰਾਨ ਕਰਨ ਵਾਲਾ ਫ਼ੈਸਲਾ ਕੀਤਾ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫ਼ੀ ਸਵਾਲ ਉਠੇ ਹਨ। ਮੈਨਚੈਸਟਰ ਦੇ ਓਲਡ ਟ੍ਰੈੱਫ਼ਰਡ ‘ਚ ਭਾਰਤ ਅਤੇ ਨਿਊ ਜ਼ੀਲੈਂਡ ਦੇ ਪਹਿਲੇ ਸੈਮੀਫ਼ਾਈਨਲ ਮੁਕਾਬਲੇ ‘ਚ ਵਿਰਾਟ ਨੇ ਆਖ਼ਰੀ ਗਿਆਰਾਂ ‘ਚ ਸਿਰਫ਼ ਇੱਕ ਬਦਲਾਅ ਕਰਦੇ ਹੋਏ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਜਗ੍ਹਾ ਯੁਜ਼ਵੇਂਦਰ ਚਾਹਲ ਨੂੰ ਉਤਾਰਿਆ, ਪਰ ਕਮਾਲ ਦੀ ਫ਼ੌਰਮ ‘ਚ ਚਲ ਰਹੇ ਤੇਜ਼ ਗੇਂਦਬਾਜ਼ ਸ਼ਮੀ ਨੂੰ ਇਸ ਮੈਚ ਲਈ ਬਾਹਰ ਰੱਖਿਆ ਗਿਆ। ਇਹ ਫ਼ੈਸਲਾ ਬਹੁਤ ਹੈਰਾਨ ਕਰਨ ਵਾਲਾ ਸੀ।
ਮੈਚ ਤੋਂ ਪਹਿਲਾਂ ਤਕ ਸ਼ਮੀ ਦੇ ਆਖ਼ਰੀ ਗਿਆਰਾਂ ‘ਚ ਖੇਡਣ ਦੀ ਪੂਰੀ ਉਮੀਦ ਸੀ, ਪਰ ਟੀਮ ਪ੍ਰਬੰਧਨ ਅਤੇ ਕਪਤਾਨ ਵਿਰਾਟ ਕੋਹਲੀ ਨੇ ਭੁਵਨੇਸ਼ਵਰ ਨੂੰ ਟੀਮ ‘ਚ ਬਰਕਰਾਰ ਰਖਿਆ। ਭੁਵਨੇਸ਼ਵਰ ਸ਼੍ਰੀ ਲੰਕਾ ਖ਼ਿਲਾਫ਼ ਪਿਛਲੇ ਮੈਚ ‘ਚ ਖੇਡਿਆ ਸੀ ਜਦਕਿ ਸ਼ਮੀ ਪਿਛਲੇ ਮੈਚ ‘ਚ ਟੀਮ ‘ਚ ਸ਼ਾਮਲ ਨਹੀਂ ਸੀ। ਇਹ ਫ਼ੈਸਲਾ ਬਹੁਤ ਹੀ ਹੈਰਾਨੀਜਨਕ ਹੈ ਕਿਉਂਕਿ ਗਰੁੱਪ ਪੜਾਅ ‘ਚ ਸ਼ਮੀ ਨੇ ਸਿਰਫ਼ ਚਾਰ ਮੈਚਾਂ ‘ਚ ਖ਼ੁਦ ਨੂੰ ਸਾਬਿਤ ਕਰਦੇ ਹੋਏ 5.48 ਦੇ ਇਕੌਨੋਮੀ ਰੇਟ ਨਾਲ 14 ਵਿਕਟਾਂ ਕੱਢੀਆਂ, ਅਤੇ ਉਹ ਟੀਮ ਦਾ ਦੂਜਾ ਸਭ ਤੋਂ ਸਫ਼ਲ ਗੇਂਦਬਾਜ਼ ਹੈ। ਉਸ ਤੋਂ ਅੱਗੇ ਜਸਪ੍ਰੀਤ ਬੁਮਰਾਹ ਹੈ ਜਿਸ ਦੀਆਂ ਇਸ ਮੈਚ ਤੋਂ ਪਹਿਲਾਂ ਅੱਠ ਗਰੁੱਪ ਮੈਚਾਂ ‘ਚ 17 ਵਿਕਟਾਂ ਸਨ।
29 ਸਾਲਾਂ ਦਾ ਸ਼ਮੀ ਇਸੇ ਦੇ ਨਾਲ ਵਰਲਡ ਕੱਪ ‘ਚ ਹੈਟ੍ਰਿਕ ਲੈਣ ਵਾਲਾ ਵੀ ਸਿਰਫ਼ ਦੂਜਾ ਭਾਰਤੀ ਗੇਂਦਬਾਜ਼ ਬਣ ਗਿਆ ਹੈ। ਉਸ ਤੋਂ ਪਹਿਲਾਂ ਚੇਤਨ ਸ਼ਰਮਾ ਦੇ ਨਾਂ ਇਹ ਉਪਲਬਧੀ ਦਰਜ ਸੀ। ਸ਼ਮੀ ਨੇ ਅਫ਼ਗ਼ਾਨਿਸਤਾਨ ਖ਼ਿਲਾਫ਼ ਚੁਣੌਤੀਪੂਰਨ ਮੁਕਾਬਲੇ ‘ਚ ਆਖ਼ਰੀ ਓਵਰ ‘ਚ ਗੇਂਦਬਾਜ਼ੀ ਕਰਦੇ ਹੋਏ ਹੈਟ੍ਰਿਕ ਲਈ ਸੀ ਜਦਕਿ ਇੰਗਲੈਂਡ ਖ਼ਿਲਾਫ਼ ਉਸ ਨੇ ਪੰਜ ਵਿਕਟਾਂ ਕੱਢੀਆਂ ਸਨ। ਸ਼ਮੀ ਨੂੰ ਬਾਹਰ ਰੱਖਣ ‘ਤੇ ਸੋਸ਼ਲ ਮੀਡੀਆ ‘ਤੇ ਗਰਮਾ ਗਰਮ ਬਹਿਸ ਚੱਲ ਰਹੀ ਹੈ ਕਿ ਅਜਿਹੇ ਖਿਡਾਰੀ ਨੂੰ ਕਿਵੇਂ ਬਾਹਰ ਰਖਿਆ ਜਾ ਸਕਦਾ ਹੈ ਜਿਸ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੋਵੇ। ਸ਼ਮੀ ਨੇ ਬੰਗਲਾਦੇਸ਼ ਖ਼ਿਲਾਫ਼ ਆਪਣੇ ਪਿਛਲੇ ਮੁਕਾਬਲੇ ‘ਚ 68 ਦੌੜਾਂ ਦੇ ਕੇ ਇੱਕ ਵਿਕਟ ਲਈ ਸੀ ਜਦਕਿ ਭੁਵਨੇਸ਼ਵਰ ਨੇ ਸ਼੍ਰੀ ਲੰਕਾ ਖਿਲਾਫ਼ ਪਿਛਲੇ ਮੁਕਾਬਲੇ ‘ਚ 73 ਦੌੜਾਂ ਲੁਟਾ ਕੇ ਇੱਕ ਵਿਕਟ ਲਈ ਸੀ। ਸੋਸ਼ਲ ਮੀਡੀਆ ‘ਤੇ ਇਸੇ ਫ਼ਰਕ ਦੇ ਆਧਾਰ ‘ਤੇ ਸਵਾਲ ਉੱਠ ਰਹੇ ਹਨ ਕਿ ਆਖ਼ਿਰ ਦੋਹਾਂ ਗੇਂਦਬਾਜ਼ਾਂ ‘ਚ ਇੰਨਾ ਫ਼ਰਕ ਹੈ ਤਾਂ ਆਖ਼ਰੀ ਚੋਣ ‘ਚ ਸ਼ੰਮੀ ਨਜ਼ਰਅੰਦਾਜ਼ ਕਿਵੇਂ ਹੋ ਸਕਦੈ।