ਲੰਡਨ – ICC ਵਰਲਡ ਕੱਪ-2019 ਦੀ ਲੀਗ ਤੋਂ ਬਾਹਰ ਹੋਣ ਵਾਲੇ ਬੰਗਲਾਦੇਸ਼ ਨੇ ਆਪਣੇ ਮੁੱਖ ਕੋਚ ਸਟੀਵ ਰੋਡਜ਼ ਨਾਲ ਆਮ ਸਹਿਮਤੀ ਤਹਿਤ ਤੋੜ ਵਿਛੋੜਾ ਕਰ ਲਿਆ ਹੈ। ਇਹ ਕਰਾਰ ਸਮੇਂ ਤੋਂ ਪਹਿਲਾਂ ਖ਼ਤਮ ਹੋਇਆ ਹੈ। ਵੈੱਬਸਾਈਟ ESPN ਕ੍ਰਿਕਇਨਫ਼ੋ ਦੀ ਰਿਪੋਰਟ ਮੁਤਾਬਿਕ, ਜੂਨ-2018 ‘ਚ ਟੀਮ ਦੇ ਕੋਚ ਨਿਯੁਕਤ ਕੀਤੇ ਗਏ ਰੋਡਜ਼ ਦਾ ਕਾਰਜਕਾਲ ਦੋ ਸਾਲ ਦਾ ਸੀ। ਉਹ ਅਗਲੇ ਸਾਲ ਹੋਣ ਵਾਲੇ T-20 ਵਰਲਡ ਕੱਪ ਤਕ ਟੀਮ ਦੇ ਕੋਚ ਰਹਿਣ ਵਾਲੇ ਸਨ, ਪਰ ਬੰਗਲਾਦੇਸ਼ ਕ੍ਰਿਕਟ ਬੋਰਡ (BCB) ਅਤੇ ਰੋਡਜ਼ ਨੇ ਆਮ ਸਹਿਮਤੀ ਨਾਲ ਉਸ ਕਰਾਰ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ।
ਵੈੱਬਸਾਈਟ ਨੇ BCB ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਜਾਮੁਦੀਨ ਚੌਧਰੀ ਦੇ ਹਵਾਲੇ ਤੋਂ ਲਿੱਖਿਆ ਹੈ, ”ਵਰਲਡ ਕੱਪ ‘ਚ ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਮੈਚ ਤੋਂ ਬਾਅਦ ਬੋਰਡ ਨੇ ਇੱਕ ਸਮਿਖਿਅਕ ਬੈਠਕ ਕੀਤੀ ਸੀ। ਇਸ ‘ਚ ਫ਼ੈਸਲਾ ਕੀਤਾ ਗਿਆ ਕਿ ਬੋਰਡ ਅਤੇ ਰੋਡਜ਼ ਹੁਣ ਕਰਾਰ ਤਹਿਤ ਕੰਮ ਨਹੀਂ ਕਰਣਗੇ। ਇਹ ਜੁਦਾਈ ਆਮ ਸਹਿਮਤੀ ਨਾਲ ਹੋਈ ਹੈ। ਚੌਧਰੀ ਮੁਤਾਬਿਕ, BCB ਨੇ ਹਾਲਾਂਕਿ ਅਗਲੀ ਸ਼੍ਰੀ ਲੰਕਾ ਸੀਰੀਜ਼ ਲਈ ਅਜੇ ਤਕ ਨਵੇਂ ਕੋਚ ਨੂੰ ਲੈ ਕੇ ਕੋਈ ਫ਼ੈਸਲਾ ਨਹੀਂ ਕੀਤਾ।
ਟੀਮ ਦੇ ਬੱਲੇਬਾਜ਼ੀ ਕੋਚ ਨੀਲ ਮਕੈਂਜ਼ੀ ਇਸ ਸਮੇਂ ਛੁੱਟੀ ‘ਤੇ ਹਨ ਜਦੋਂ ਕਿ ਤੇਜ਼ ਗੇਂਦਬਾਜ਼ੀ ਕੋਚ ਕਰਟਨੀ ਵਾਲਸ਼ ਅਤੇ ਸਪਿਨ ਗੇਂਦਬਾਜ਼ੀ ਕੋਚ ਸੁਨੀਲ ਜੋਸ਼ੀ ਦਾ ਕਾਰਜਕਾਲ ਵਰਲਡ ਕੱਪ ਤੋਂ ਬਾਹਰ ਹੋਣ ਤੋਂ ਬਾਅਦ ਹੀ ਖ਼ਤਮ ਹੋ ਗਿਆ ਹੈ। ਇਨ੍ਹਾਂ ਕਰਾਰਾਂ ਨੂੰ ਅਜੇ ਤਕ ਵਧਾਇਆ ਨਹੀਂ ਗਿਆ ਸੀ।