ਕੋਲਕਾਤਾ – ਯੁਵਰਾਜ ਸਿੰਘ ਨੇ ਦੋ ਵਿਸ਼ਵ ਕੱਪ ਟੂਰਨਾਮੈਂਟਾਂ ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਪਰ ਇਸ ਬੱਲੇਬਾਜ਼ ਨੂੰ ਮਲਾਲ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਉਸ ਦੀ ਚੰਗੀ ਮੰਗ ਹੋਣ ਤੋਂ ਬਾਅਦ ਵੀ ਉਹ ਕਿਸੇ ਵੀ ਟੀਮ ਨਾਲ ਜ਼ਿਆਦਾ ਸਮੇਂ ਤਕ ਟਿਕ ਨਹੀਂ ਸਕਿਆ।
ਪਿਛਲੇ ਮਹੀਨੇ ਸੰਨਿਆਸ ਦਾ ਐਲਾਨ ਕਰਨ ਵਾਲਾ ਇਹ ਹਰਫ਼ਨਮੌਲਾ ਖਿਡਾਰੀ ਆਪਣੇ IPL ਕਰੀਅਰ ਵਿੱਚ ਛੇ ਟੀਮਾਂ ਦਾ ਹਿੱਸਾ ਰਿਹਾ। ਉਸ ਦੇ ਟੀਮ ਵਿੱਚ ਰਹਿੰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ (2016) ਅਤੇ ਮੁੰਬਈ ਇੰਡੀਅਨਜ਼ (2019) ਨੇ ਖ਼ਿਤਾਬ ਵੀ ਜਿੱਤੇ। IPL 2014 ਵਿੱਚ ਰੌਇਲ ਚੈਲੰਜਰਜ਼ ਬੈਂਗਲੁਰੂ (RCB) ਨੇ ਨੀਲਾਮੀ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (KKR) ਨੂੰ ਪਛਾੜ ਕੇ 14 ਕਰੋੜ ਰੁਪਏ ਦੀ ਬੋਲੀ ਲਾ ਕੇ ਉਸ ਨੂੰ ਟੀਮ ਨਾਲ ਜੋੜਿਆ ਸੀ। 37 ਸਾਲਾ ਇਹ ਖਿਡਾਰੀ ਹਾਲਾਂਕਿ ਕਦੇ ਕਿਸੇ ਟੀਮ ਦਾ ਅਜਿਹਾ ਚਿਹਰਾ ਨਹੀਂ ਬਣ ਸਕਿਆ, ਜਿਵੇਂ ਮਹਿੰਦਰ ਸਿੰਘ ਧੋਨੀ ਚੇਨਈ ਸੁਪਰਕਿੰਗਜ਼ ਅਤੇ ਵਿਰਾਟ ਕੋਹਲੀ ਰੌਇਲ ਚੈਲੰਜਰਜ਼ ਬੈਂਗਲੁਰੂ ਲਈ ਹਨ। ਭਾਰਤੀ ਚੈਂਬਰਜ਼ ਔਫ਼ ਕੌਮਰਸ ਦੀ 91ਵੀਂ ਸਾਲਾਨਾ ਆਮ ਬੈਠਕ ਵਿੱਚ ਲਾਈਫ਼ ਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਿਵਾਜੇ ਜਾਣ ਤੋਂ ਬਾਅਦ ਯੁਵਰਾਜ ਨੇ ਕਿਹਾ, ”ਮੈਂ ਇਸ ਬਾਰੇ ਨਹੀਂ ਦੱਸ ਸਕਦਾ ਕਿ ਅਜਿਹਾ ਕਿਉਂ ਹੈ, ਪਰ ਮੈਂ ਕਿਸੇ ਵੀ ਟੀਮ ਨਾਲ ਲੰਬੇ ਸਮੇਂ ਤਕ ਨਹੀਂ ਰਹਿ ਸਕਿਆ। ਮੈਂ ਉਸ ਸਮੇਂ ਕਿਸੇ ਟੀਮ ਨਾਲ ਨਹੀਂ ਜੁੜ ਸਕਿਆ ਜਦੋਂ ਕਰੀਅਰ ਦੌਰਾਨ ਤੁਸੀਂ ਇੱਕ ਜਾਂ ਦੋ ਫ਼੍ਰੈਂਚਾਈਜ਼ੀ ਟੀਮਾਂ ਨਾਲ ਜੁੜੇ ਰਹਿੰਦੇ ਹੋ।” ਉਸ ਨੇ ਕਿਹਾ, ”ਮੈਂ KKR ਨਾਲ ਲਗਭਗ ਜੁੜ ਹੀ ਗਿਆ ਸੀ, ਪਰ ਅੰਤਿਮ ਸਮੇਂ ਵਿੱਚ RCB ਨਾਲ ਚਲਾ ਗਿਆ। RCB ਦੇ ਨਾਲ IPL ਵਿੱਚ ਮੇਰਾ ਸਰਵਸ੍ਰੇਸ਼ਠ ਸਮਾਂ ਸੀ। KKR ਲਈ ਨਾ ਖੇਡਣਾ ਮੇਰੇ ਲਈ ਮੰਦਭਾਗਾ ਰਿਹਾ।”