ਬਰਮਿੰਘਮ – ਇੰਗਲੈਂਡ ਦੇ ਸਟਾਰ ਬੱਲੇਬਾਜ਼ ਜੋ ਰੂਟ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਕੋਲ ਪੁਰਾਣੇ ਵਿਰੋਧੀ ਆਸਟਰੇਲੀਆ ਵਿਰੁੱਧ ਵੀਰਵਾਰ ਨੂੰ ਖੇਡੇ ਜਾਣ ਵਾਲੇ ਵਿਸ਼ਵ ਕੱਪ ਸੈਮੀਫ਼ਾਈਨਲ ਮੁਕਾਬਲੇ ‘ਚ ਲੀਗ ਮੈਚ ਦੀ ਹਾਰ ਦਾ ਬਦਲਾ ਲੈਣ ਦੀ ਸਮਰੱਥਾ ਹੈ। ਇੰਗਲੈਂਡ ਨੂੰ ਆਸਟਰੇਲੀਆ ਨੇ ਲੌਰਡਜ਼ ‘ਚ ਖੇਡੇ ਗਏ ਇੱਕ ਲੀਗ ਮੁਕਾਬਲੇ ‘ਚ ਆਸਾਨੀ ਨਾਲ ਹਰਾ ਦਿੱਤਾ ਸੀ ਜਿਸ ਤੋਂ ਬਾਅਦ ਘਰੇਲੂ ਟੀਮ ‘ਤੇ ਟੂਰਨਾਮੈਂਟ ‘ਚੋਂ ਬਾਹਰ ਹੋਣ ਦਾ ਖ਼ਤਰਾ ਮੰਡਰਾਉਣ ਲੱਗਾ ਸੀ। ਫ਼ਿਰ ਵੀ, ਭਾਰਤ ਅਤੇ ਨਿਊ ਜ਼ੀਲੈਂਡ ਵਿਰੁੱਧ ਲਗਾਤਾਰ ਦੋ ਜਿੱਤਾਂ ਦਰਜ ਕਰ ਕੇ ਟੀਮ ਸੈਮੀਫ਼ਾਈਨਲ ਵਿੱਚ ਪਹੁੰਚਣ ‘ਚ ਸਫ਼ਲ ਰਹੀ। ਵਿਸ਼ਵ ਕੱਪ ਦੇ ਲੀਗ ਮੁਕਾਬਲੇ ਤੋਂ ਪਹਿਲਾਂ ਆਸਟਰੇਲੀਆ ਨੇ ਇੱਕ ਅਭਿਆਸ ਮੈਚ ‘ਚ ਵੀ ਇੰਗਲੈਂਡ ਨੂੰ ਹਰਾਇਆ ਸੀ, ਪਰ ਇਸ ਤੋਂ ਪਹਿਲਾਂ ਇੰਗਲੈਂਡ ਨੇ ਉਸ ਦੇ ਘਰੇਲੂ ਮੈਦਾਨ ‘ਤੇ ਵਨ ਡੇ ਸੀਰੀਜ਼ ‘ਚ 4-1 ਨਾਲ ਜਿੱਤ ਦਰਜ ਕੀਤੀ ਜਦਕਿ ਆਪਣੇ ਘਰੇਲੂ ਮੈਦਾਨ ‘ਤੇ ਉਸ ਨੂੰ 5-0 ਨਾਲ ਹਰਾਇਆ ਸੀ। ਰੂਟ ਨੇ ਕਿਹਾ ਕਿ ਜੇਕਰ ਤੁਸੀਂ ਪਿਛਲੇ 11 ਮੁਕਾਬਲਿਆਂ ਨੂੰ ਦੇਖੋਗੇ ਤਾਂ ਅਸੀਂ ਨੌਂ ਵਾਰ ਜੇਤੂ ਰਹੇ ਹਾਂ। ਅਸੀਂ ਪਿਛਲੇ ਕੁੱਝ ਸਮੇਂ ਤੋਂ ਬਹੁਤ ਦਬਾਅ ਵਾਲੇ ਮੈਚ ਖੇਡ ਰਹੇ ਹਾਂ ਅਤੇ ਉਮੀਦ ਹੈ ਕਿ ਅਸੀਂ ਅਗਲੇ ਦੋ ਮੈਚਾਂ ‘ਚ ਵਧੀਆ ਪ੍ਰਦਰਸ਼ਨ ਕਰਾਂਗੇ।