ਨਵੀਂ ਦਿੱਲੀ -ਭਾਰਤੀ ਫੌਜ ਤੋਂ ਬਾਅਦ ਹੁਣ ਬੀ.ਐੱਸ.ਐੱਫ. ਨੇ ਵੀ ਪੰਜਾਬ ਦੇ ਨਾਲ ਲੱਗਦੀ ਸਰਹੱਦ ਦੇ ਆਲੇ-ਦੁਆਲੇ ਤਾਇਨਾਤ ਜਵਾਨਾਂ ਨੂੰ ਸੋਸ਼ਲ ਮੀਡੀਆ ਗਰੁੱਪਾਂ ਤੋਂ ਚੌਕਸ ਰਹਿਣ ਲਈ ਨਿਰਦੇਸ਼ ਦਿੱਤੇ ਗਏ ਹਨ। ਪਤਾ ਲੱਗਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਵਲੋਂ ਬੀ.ਐੱਸ.ਐੱਫ. ਦੇ ਜਵਾਨਾਂ ਕੋਲੋਂ ਸੂਚਨਾਵਾਂ ਲੈਣ ਲਈ ਸੰਪਰਕ ਕਰਨ ਦੀ ਸਾਜ਼ਿਸ਼ ਰਚੀ ਜਾ ਸਕਦੀ ਹੈ। ਇਸ ਸਬੰਧੀ ਵੱਖ-ਵੱਖ ਸੂਚਨਾਵਾਂ ਇੰਟੈਲੀਜੈਂਸ ਵਿੰਗ ਕੋਲ ਪਹੁੰਚ ਰਹੀਆਂ ਹਨ। ਇਸ ਨੂੰ ਦੇਖਦਿਆਂ ਬੀ.ਐੱਸ.ਐੱਫ. ਦੇ ਹੈੱਡ ਕੁਆਰਟਰ ਨੇ ਪੰਜਾਬ ਅਤੇ ਹੋਰਨਾਂ ਫਰੰਟੀਅਰ ਖੇਤਰਾਂ ‘ਚ ਤਾਇਨਾਤ ਸਭ ਜਵਾਨਾਂ ਨੂੰ ਅਲਰਟ ਕਰ ਦਿੱਤਾ ਹੈ। ਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਮੋਬਾਇਲ ਫੋਨ ‘ਤੇ ਕਿਸੇ ਵੀ ਅਣਪਛਾਤੇ ਵਟਸਐਪ ਗਰੁੱਪ ਦਾ ਹਿੱਸਾ ਨਾ ਬਣਨ। ਇਸ ਤੋਂ ਪਹਿਲਾਂ ਭਾਰਤੀ ਫੌਜ ਵੀ ਆਪਣੇ ਜਵਾਨਾਂ ਨੂੰ ਇਸ ਸਬੰਧੀ ਚੌਕਸ ਕਰ ਚੁੱਕੀ ਹੈ।
ਬੀ.ਐੱਸ.ਐੱਫ. ਦੇ ਜਵਾਨਾਂ ਨੂੰ ਆਪਣੇ ਵਟਸਐਪ ਸੈਟਿੰਗ ‘ਚ ਤਬਦੀਲੀਆਂ ਕਰਨ ਲਈ ਕਿਹਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਬੀ.ਐੱਸ.ਐੱਫ. ਦੇ ਇੰਟੈਲੀਜੈਂਸ ਵਿੰਗ ਨੇ ਆਪਣੇ ਜਵਾਨਾਂ ਨੂੰ ਉਸ ਸਮੇਂ ਚੌਕਸ ਕੀਤਾ, ਜਦੋਂ ਪਾਕਿਸਤਾਨ ਦੇ ਇਕ ਟੈਲੀਫੋਨ ਨੰਬਰ ਤੋਂ ਬਣਾਏ ਗਏ ਕੇ. ਬੀ. ਸੀ. ਆਨਲਾਈਨ ਵਟਸਐਪ ਗਰੁੱਪ ਦਾ ਮਾਮਲਾ ਧਿਆਨ ‘ਚ ਆਇਆ ਤੇ ਉਕਤ ਪਾਕਿਸਤਾਨੀ ਨੰਬਰ ਤੋਂ ਬਣਾਏ ਗਏ ਵਟਸਐਪ ਗਰੁੱਪ ‘ਚ ਕੁਝ ਜਵਾਨਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਤਾ ਲੱਗਾ ਹੈ ਕਿ ਜਵਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਕਿਸੇ ਵੀ ਅਜਿਹੇ ਖੁੱਲ੍ਹੇ ਵਟਸਐਪ ਗਰੁੱਪ ਦਾ ਹਿੱਸਾ ਨਾ ਬਣਨ ਕਿਉਂਕਿ ਇਸ ਪਿੱਛੇ ਦੁਸ਼ਮਣ ਦੇਸ਼ ਦੀ ਕੋਈ ਵੀ ਸ਼ਰਾਰਤ ਹੋ ਸਕਦੀ ਹੈ। ਬੀ.ਐੱਸ.ਐੱਫ. ਨੇ ਪੂਰਬੀ ਅਤੇ ਪੱਛਮੀ ਕਮਾਂਡ ‘ਚ ਸਥਿਤ ਜਵਾਨਾਂ ਨੂੰ ਵੀ ਵਟਸਐਪ ਗਰੁੱਪਾਂ ਨੂੰ ਲੈ ਕੇ ਅਲਰਟ ਕੀਤਾ ਗਿਆ ਹੈ।
ਪਾਕਿਸਤਾਨ ਨੇ ਜਿਹੜਾ ਓਪਨ ਵਟਸਐਪ ਗਰੁੱਪ ਬਣਾਇਆ ਹੈ, ਜਾਣ-ਬੁੱਝ ਕੇ. ਬੀ. ਸੀ. ਦੇ ਨਾਂ ਵੀ ਵਰਤੋਂ ਕੀਤੀ ਗਈ ਹੈ ਕਿਉਂਕਿ ਭਾਰਤੀ ਟੀ. ਵੀ. ‘ਤੇ ਕੇ. ਬੀ. ਸੀ. ਬਹੁਤ ਹਰਮਨ ਪਿਆਰਾ ਹੈ। ਇਸ ਦਾ ਸੰਚਾਲਨ ਅਮਿਤਾਭ ਬੱਚਨ ਵਲੋਂ ਕੀਤਾ ਜਾਂਦਾ ਹੈ। ਕੇ. ਬੀ. ਸੀ. ਰਾਹੀਂ ਜਵਾਨਾਂ ਨੂੰ ਆਸਾਨੀ ਨਾਲ ਭੁਲੇਖੇ ‘ਚ ਪਾਉਣ ਦੀ ਪਾਕਿਸਤਾਨੀ ਏਜੰਸੀਆਂ ਦੀ ਸਾਜ਼ਿਸ਼ ਸੀ। ਪੰਜਾਬ ਦੀ ਸਰਹੱਦ ਅਤਿਅੰਤ ਨਾਜ਼ੁਕ ਹੈ। ਪਾਕਿਸਤਾਨ ਵਲੋਂ ਸਰਹੱਦ ਪਾਰ ਤੋਂ ਆਪਣੇ ਸਮੱਗਲਰਾਂ ਰਾਹੀ ਨਸ਼ੀਲੀਆਂ ਵਸਤਾਂ ਨੂੰ ਭੇਜਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾਂਦੀ ਰਹਿੰਦੀ ਹੈ। ਮੌਜੂਦਾ ਸੂਚਨਾ ਤਕਨੀਕ ਦੇ ਯੁੱਗ ਨੂੰ ਧਿਆਨ ‘ਚ ਰੱਖਦੇ ਹੋਏ ਪਾਕਿਸਤਾਨ ਏਜੰਸੀਆਂ ਨਵੇਂ-ਨਵੇਂ ਉਪਕਰਨਾਂ ਦੀ ਵਰਤੋਂ ਕਰ ਕੇ ਭਾਰਤ ਨਾਲ ਸਬੰਧਤ ਸੂਚਨਾਵਾਂ ਜੁਟਾਉਣਾ ਚਾਹੁੰਦੀਆਂ ਹਨ ।