ਹਾਲ ਹੀ ‘ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ‘ਤੇ ਇਤਰਾਜ਼ਯੋਗ ਟਿੱਪਣੀ ਕਰ ਕੇ ਵਿਵਾਦਾਂ ‘ਚ ਘਿਰ ਚੁੱਕੀ ਬੌਲੀਵੁਡ ਦੀ ਮਸ਼ਹੂਰ ਗਾਇਕਾ ਅਤੇ ਰੈਪਰ ਹਾਰਡ ਕੌਰ ਹੁਣ ਇੱਕ ਵਾਰ ਫ਼ਿਰ ਸੁਰਖ਼ੀਆਂ ‘ਚ ਆ ਗਈ ਹੈ। ਉਸ ਨੇ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਬੌਲੀਵੁਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਅਤੇ ਮਹਾਨਾਇਕ ਅਮਿਤਾਭ ਬੱਚਨ ਸਮੇਤ ਕਈ ਵੱਡੇ ਸਿਤਾਰਿਆਂ ‘ਤੇ ਹਮਲਾ ਬੋਲਿਆ ਹੈ। ਹਾਰਡ ਕੌਰ ਨੇ ਆਪਣੇ ਪੋਸਟ ‘ਚ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਬੌਲੀਵੁਡ ਸਿਤਾਰਿਆਂ ਲਈ ਭੱਦੀਆਂ ਗੱਲਾਂ ਵੀ ਲਿਖੀਆਂ ਹਨ। ਉਸ ਦਾ ਇਹ ਪੋਸਟ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋ ਰਿਹਾ ਹੈ। ਹਾਲਾਂਕਿ ਹਾਲੇ ਤਕ ਇੱਕ ਗੱਲ ‘ਤੇ ਕਿਸੇ ਵੀ ਸਲੈਬ੍ਰੇਟੀਜ਼ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਨ੍ਹਾਂ ਫ਼ਿਲਮੀ ਸਿਤਾਰਿਆਂ ਨੂੰ ਸੁਣਾਈਆਂ ਗੱਲਾਂ
ਹਾਰਡ ਕੌਰ ਨੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਜਿਸ ‘ਚ ਲਿਖਿਆ ਹੈ ਅਕਸ਼ੇ ਕੁਮਾਰ, ਅਮਿਤਾਭ ਬੱਚਨ, ਅਨੁਪਮ ਖੇਰ, ਵਿਵੇਕ ਅਗਨੀਹੋਤਰੀ ਅਤੇ ਚੇਤਨ ਭਗਤ ਵਰਗੇ ਸਿਤਾਰਿਆਂ ਨੇ ਕਾਂਗਰਸ ਸਰਕਾਰ ਦੌਰਾਨ ਵਧਦੀਆਂ ਪੈਟਰੋਲ ਕੀਮਤਾਂ ‘ਤੇ ਖ਼ੂਬ ਹੰਗਾਮਾ ਕੀਤਾ ਸੀ, ਪਰ ਭਾਜਪਾ ਸਰਕਾਰ ਦੁਆਰਾ ਵਧਾਈਆਂ ਗਈਆਂ ਪੈਟਰੋਲ ਦੀਆਂ ਕੀਮਤਾਂ ‘ਤੇ ਇਹੀ ਲੋਕ ਚੁੱਪ ਬੈਠੇ ਹਨ। ਇਸ ਤਸਵੀਰ ‘ਚ ਸਲੈਬ੍ਰੇਟੀਜ਼ ਦੇ ਪੁਰਾਣੇ ਟਵੀਟਸ ਦੇ ਸਕ੍ਰੀਨ ਸ਼ੌਰਟਸ ਵੀ ਦਿਖਾਏ ਗਏ ਹਨ। ਇਸ ਤਸਵੀਰ ਦੇ ਨਾਲ ਹਾਰਡ ਕੌਰ ਦਾ ਕਹਿਣਾ ਹੈ ਕਿ ਬੌਲੀਵੁਡ ‘ਚ 90 ਪ੍ਰਤੀਸ਼ਤ ਤੋਂ ਜ਼ਿਆਦਾ ਸਿਤਾਰੇ ਭਾਰਤ ਦੇ ਸਭ ਤੋਂ ਬੇਕਾਰ ਲੋਕ ਹਨ। ਇਸ ਪੋਸਟ ‘ਚ ਉਸ ਨੇ ਇੱਕ ਇਤਰਾਜ਼ਯੋਗ ਗਾਲ੍ਹ ਵੀ ਕੱਢੀ ਹੈ।
ਯੋਗੀ ਆਦਿਤਿਅਨਾਥ ਅਤੇ ਮੋਹਨ ਭਾਗਵਤ ‘ਤੇ ਕਰ ਚੁੱਕੀ ਇਤਰਾਜ਼ਯੋਗ ਟਿੱਪਣੀ
ਦੱਸਣਯੋਗ ਹੈ ਕਿ ਹਾਰਡ ਕੌਰ ਨੇ ਇਸ ਤੋਂ ਪਹਿਲਾਂ UP ਦੇ CM ਯੋਗੀ ਆਦਿਤਿਅਨਾਥ ਅਤੇ RSS ਪ੍ਰਮੁੱਖ ਮੋਹਨ ਭਾਗਵਤ ‘ਤੇ ਆਪਣੇ ਸੋਸ਼ਲ ਐਕਾਊਂਟ ਰਾਹੀਂ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਉਸ ਤੋਂ ਬਾਅਦ ਹਾਰਡ ਕੌਰ ‘ਤੇ ਦੇਸ਼ਧ੍ਰੋਹ ਮਾਣਹਾਨੀ ਅਤੇ IT ਐਕਟ ਤਹਿਤ ਗੰਭੀਰ ਮਾਮਲੇ ਦਰਜ ਕੀਤੇ ਗਏ ਸਨ।
ਨਸ਼ੇ ‘ਚ ਟੱਲੀ ਹੋ ਕੇ ਹਾਰਡ ਕੌਰ ਨੇ ਕੱਢੀਆਂ ਸੀ ਗੰਦੀਆਂ ਗਾਲ੍ਹਾਂ
ਉਥੇ ਹੀ ਇੱਕ ਹੋਰ ਘਟਨਾ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਿਕ ਸਾਲ 2015 ‘ਚ ਇੱਕ ਈਵੈਂਟ ‘ਚ ਹਾਰਡ ਕੌਰ ਨਸ਼ੇ ‘ਚ ਟੱਲੀ ਹੋ ਗਈ ਜਿਸ ਤੋਂ ਬਾਅਦ ਉਸ ਨੇ ਖ਼ੂਬ ਹੰਗਾਮਾ ਮਚਾਇਆ ਸੀ। ਉਸ ਹੰਗਾਮੇ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖ਼ੂਬ ਵਾਇਰਲ ਹੋਇਆ ਸੀ ਜਿਸ ‘ਚ ਉਹ ਗੰਦੀਆਂ ਗਾਲ੍ਹਾਂ ਕੱਢਦੀ ਨਜ਼ਰ ਆਈ ਸੀ।