ਚੰਡੀਗੜ੍ਹ : ਪੰਜਾਬ ਦੇ ਕਾਲਜਾਂ ‘ਚ ਕੁੜੀਆਂ ਦੀ ਮੁਫਤ ਪੜ੍ਹਾਈ ਲਈ ਹੁਣ ਉੱਚ ਪੱਧਰੀ ਸਿੱਖਿਆ ਵਿਭਾਗ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿਵਸਥਾ ਨੂੰ ਜਲਦ ਲਾਗੂ ਕਰਨ ਲਈ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਧਿਕਾਰੀਆਂ ਨਾਲ ਮੀਟਿੰਗਾਂ ਕਰ ਰਹੇ ਹਨ। ਰੰਧਾਵਾ ਨੇ ਅਫਸਰਾਂ ਨੂੰ ਇਸ ਸਕੀਮ ‘ਤੇ ਖਰਚੇ ਹੋਣ ਵਾਲੇ ਪੈਸਿਆਂ ਦਾ ਡਾਟਾ ਤਿਆਰ ਕਰਨ ਅਤੇ ਇਸ ਦੇ ਨਾਲ ਹੀ ਕੁੜੀਆਂ ਦੀ ਗਿਣਤੀ ਵੀ ਪਤਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਜਦੋਂ ਇਸ ਦੀ ਐਸਟੀਮੇਟ ਰਿਪੋਰਟ ਤਿਆਰ ਹੋ ਜਾਵੇਗੀ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਰੱਖੀ ਜਾਵੇਗੀ। ਦੱਸ ਦੇਈਏ ਕਿ ਮੁਫਤ ਸਿੱਖਿਆ ਨੂੰ ਲਾਗੂ ਕਰਨ ‘ਤੇ ਸਰਕਾਰ ‘ਤੇ ਹਰ ਸਾਲ ਕਰੋੜਾਂ ਦਾ ਬੋਝ ਪਵੇਗਾ ਅਤੇ ਜੇਕਰ ਵਿੱਤ ਵਿਭਾਗ ਇਸ ਬਜਟ ਨੂੰ ਮਨਜ਼ੂਰੀ ਦੇ ਵੀ ਦਿੰਦਾ ਹੈ ਤਾਂ ਵੀ ਇਹ ਪ੍ਰਕਿਰਿਆ ਪੂਰੀ ਕਰਨ ‘ਚ 6 ਮਹੀਨੇ ਲੱਗ ਜਾਣਗੇ। ਇਸ ਲਈ ਵਿਭਾਗ ਦੇ ਅਧਿਕਾਰੀ ਵੀ ਅਗਲੇ ਸਾਲ ਹੀ ਇਸ ਯੋਜਨਾ ਨੂੰ ਲਾਗੂ ਕਰਨ ਲਈ ਸਹਿਮਤ ਹਨ।