ਰੇਲ ਗੱਡੀ ਅਤੇ ਫ਼ਿਲਮਾਂ ਦਾ ਅਨੋਖਾ ਰਿਸ਼ਤਾ ਰਿਹਾ ਹੈ। ਪੁਰਾਣੀਆਂ ਫ਼ਿਲਮਾਂ ਵਿੱਚ ਰੇਲ ਗੱਡੀ ਖ਼ੂਬ ਦੌੜਦੀ ਸੀ। ਮੌਜੂਦਾ ਸਮੇਂ ਵੀ ਬੌਲੀਵੁਡ ਵਿੱਚ ਕਈ ਫ਼ਿਲਮਾਂ ਅਜਿਹੀਆਂ ਬਣ ਰਹੀਆਂ ਹਨ ਜਿਨ੍ਹਾਂ ਦੀ ਰੇਲ ਗੱਡੀ ਦੇ ਅੰਦਰ ਜਾਂ ਆਸ-ਪਾਸ ਕਾਫ਼ੀ ਸ਼ੂਟਿੰਗ ਕੀਤੀ ਜਾਂਦੀ ਹੈ। ਚੇਨਈ ਐਕਸਪ੍ਰੈੱਸ ਅਤੇ ਜਬ ਵੀ ਮੈੱਟ ਨੂੰ ਹੀ ਲੈ ਲਓ। ਇਨ੍ਹਾਂ ਫ਼ਿਲਮਾਂ ਦੀ ਪ੍ਰੇਮ ਕਹਾਣੀ ਰੇਲ ਗੱਡੀ ਵਿੱਚ ਹੀ ਸ਼ੁਰੂ ਹੁੰਦੀ ਹੈ। ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਰੇਲ ਗੱਡੀ ਕਈ ਹੋਰ ਫ਼ਿਲਮਾਂ ਵਿੱਚ ਦੌੜਦੀ ਨਜ਼ਰ ਆਏਗੀ।
ਅਸੀਮ ਚਕਰਵਰਤੀ
ਦਰਸ਼ਕਾਂ ਨੂੰ ਫ਼ਿਲਮਾਂ ਵਿੱਚ ਰੇਲ ਦਾ ਦੌੜਨਾ ਖ਼ੂਬ ਪਸੰਦ ਹੈ। ਫ਼ਿਲਮਾਂ ਅਨੁਪਮਾ, ਗੰਗਾ-ਜਮੁਨਾ, ਸੋਲ੍ਹਵਾਂ ਸਾਲ, ਆਸ਼ੀਰਵਾਦ, ਅਜਨਬੀ, ਜ਼ਮਾਨੇ ਕੋ ਦਿਖਾਨਾ ਹੈ, ਛੋਟੀ ਸੀ ਬਾਤ, ਬਾਤੋਂ ਬਾਤੋਂ ਮੇਂ, ਆਰਾਧਨਾ, ‘ਸ਼ੋਲੇ’, ਦੀਵਾਰ, ਜਾਨੀ ਦੁਸ਼ਮਨ, ਦਿਲਵਾਲੇ ਦੁਲਹਨੀਆ ਲੇ ਜਾਏਂਗੇ, ਦਿਲ ਸੇ, ਜਬ ਵੀ ਮੈੱਟ, ਪਰਿਣੀਤਾ, ਕਿਕ, ਰੋਬੌਟ, ਦਾ ਟਰੇਨ, ਦਾ ਬਰਨਿੰਗ ਟਰੇਨ, ਸਵਦੇਸ਼, ਕੁਰਬਾਨ, ਤੇਜ਼, ਦਬੰਗ, ਤੀਸਮਾਰ ਖ਼ਾਂ, ਚੇਨਈ ਐਕਸਪ੍ਰੈੱਸ, ਸਾਥੀਆ, ਬਜਰੰਗੀ ਭਾਈਜਾਨ ਅਤੇ ਬਧਾਈ ਹੋ ਬਧਾਈ ਸਮੇਤ ਕਈ ਫ਼ਿਲਮਾਂ ਦੀ ਸ਼ੂਟਿੰਗ ਰੇਲ ਵਿੱਚ ਹੋਈ ਹੈ। ਇਹ ਸਭ ਫ਼ਿਲਮਾਂ ਹਿੱਟ ਵੀ ਰਹੀਆਂ ਹਨ।
ਰੇਲਵੇ ‘ਤੇ ਆਧਾਰਿਤ ਕਿਸੇ ਭਾਰਤੀ ਫ਼ਿਲਮ ਦੀ ਯਾਦ ਆਉਂਦੇ ਹੀ ਫ਼ਿਲਮਸਾਜ਼ ਬੀ. ਆਰ. ਚੋਪੜਾ ਦੀ 1980 ਦੀ ਫ਼ਿਲਮ ਦਾ ਬਰਨਿੰਗ ਟਰੇਨ ਦੀ ਚਰਚਾ ਕਰਨੀ ਲਾਜ਼ਮੀ ਹੋ ਜਾਂਦੀ ਹੈ। ਇਹ ਭਾਰਤ ਦੀ ਪਹਿਲੀ ਅਤੇ ਇਕੱਲੀ ਅਜਿਹੀ ਫ਼ਿਲਮ ਹੈ ਜੋ ਪੂਰੀ ਤਰ੍ਹਾਂ ਰੇਲ ਗੱਡੀ ‘ਤੇ ਕੇਂਦਰਿਤ ਸੀ, ਪਰ ਇਹ ਫ਼ਿਲਮ ਸ਼ੁਰੂਆਤ ਦੇ ਤਿੰਨ ਦਿਨ ਸੌ ਪ੍ਰਤੀਸ਼ਤ ਕੋਲੈਕਸ਼ਨ ਦੇ ਬਾਵਜੂਦ ਔਸਤ ਸਫ਼ਲ ਫ਼ਿਲਮ ਦੀ ਸ਼੍ਰੇਣੀ ਵਿੱਚ ਆਉਂਦੀ ਹੈ। ਇਸ ਦੇ ਬਾਵਜੂਦ ਇਸ ਨਾਲ ਬੀ. ਆਰ. ਚੋਪੜਾ ਦੀ ਇਸ ਕੋਸ਼ਿਸ਼ ਨੂੰ ਸਾਰਥਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਸਿਹਰਾ ਦਿੱਤਾ ਜਾਂਦਾ ਹੈ ਕਿ ਟਰੇਨ ਹਾਦਸੇ ‘ਤੇ ਉਨ੍ਹਾਂ ਨੇ ਪਹਿਲੀ ਫ਼ਿਲਮ ਬਣਾਈ।
ਸ਼ੁਰੂਆਤ ਤੋਂ ਹੀ ਬੌਲੀਵੁਡ ਫ਼ਿਲਮਾਂ ਲਈ ਰੇਲ ਇੱਕ ਅਹਿਮ ਲੋਕੇਸ਼ਨ ਰਹੀ। ਇਸ ਲਈ ਜਦੋਂ ਵੀ ਜ਼ਰੂਰਤ ਪਈ, ਫ਼ਿਲਮਸਾਜ਼ ਇੱਥੋਂ ਦੀ ਅਸਲ ਲੋਕੇਸ਼ਨ ਵਿੱਚ ਸ਼ੂਟਿੰਗ ਕਰਨਾ ਪਸੰਦ ਕਰਦੇ ਹਨ। ਸਲਮਾਨ ਖ਼ਾਨ ਤਾਂ ਇਸ ਲੋਕੇਸ਼ਨ ਦਾ ਕਾਇਲ ਹੈ। ਬੌਡੀਗਾਰਡ, ਕਿਕ, ਬਜਰੰਗੀ ਭਾਈਜਾਨ ਸਮੇਤ ਉਸ ਦੀ ਨਵੀਂ ਫ਼ਿਲਮ ਭਾਰਤ ਵਿੱਚ ਵੀ ਇਹ ਲੋਕੇਸ਼ਨ ਨਜ਼ਰ ਆਉਣ ਵਾਲੀ ਹੈ।
ਫ਼ਿਲਮਸਾਜ਼ਾਂ ਦਾ ਇਹ ਰੇਲਵੇ ਪ੍ਰੇਮ ਇਸ ਮਹਿਕਮੇ ਲਈ ਖ਼ੁਸ਼ੀ ਲੈ ਕੇ ਆਉਂਦਾ ਹੈ। ਰੇਲਵੇ ਦੇ ਪਾਸਿੰਗ ਦ੍ਰਿਸ਼ ਤਾਂ ਆਮਤੌਰ ‘ਤੇ ਹਰ ਦੂਜੀ ਫ਼ਿਲਮ ਵਿੱਚ ਦਿਖਾਈ ਦਿੰਦੇ ਹਨ। ਰੇਲਵੇ ਵਿਭਾਗ ਵਾਲੇ ਇਸ ਪਾਸਿੰਗ ਦ੍ਰਿਸ਼ ਤੋਂ ਵੀ ਖ਼ੁਸ਼ ਹਨ ਕਿਉਂਕਿ ਇਸ ਤਰ੍ਹਾਂ ਦੀ ਸ਼ੂਟਿੰਗ ਦੀ ਵੀ ਰੇਲਵੇ ਨੂੰ ਚੰਗੀ ਫ਼ੀਸ ਮਿਲਦੀ ਹੈ, ਪਰ ਉਨ੍ਹਾਂ ਨੂੰ ਅਸਲੀ ਮਜ਼ਾ ਓਦੋਂ ਆਉਂਦਾ ਹੈ ਜਦੋਂ ਵੌਂਟੇਡ ਜਾਂ ਚੇਨਈ ਐਕਸਪ੍ਰੈੱਸ ਦੀ ਸ਼ੂਟਿੰਗ ਕਈ ਦਿਨਾਂ ਤਕ ਰੇਲਵੇ ਸਟੇਸ਼ਨ ‘ਤੇ ਹੁੰਦੀ ਹੈ, ਓਦੋਂ ਰੇਲਵੇ ਨੂੰ ਦੋ-ਤਿੰਨ ਘੰਟੇ ਦੀ ਸ਼ੂਟਿੰਗ ਵਿੱਚ ਹੀ ਦਸ ਲੱਖ ਦੀ ਕਮਾਈ ਹੋ ਜਾਂਦੀ ਹੈ।
ਉਂਝ ਰੇਲਵੇ ਦੀ ਕਮਾਈ ਆਮਤੌਰ ‘ਤੇ ਉਸ ਵਲੋਂ ਪ੍ਰਦਾਨ ਕੀਤੀਆਂ ਗਈਆਂ ਸੁਵਿਧਾਵਾਂ ‘ਤੇ ਨਿਰਭਰ ਕਰਦੀ ਹੈ। ਤਾਜ਼ਾ ਅੰਕੜਿਆਂ ਮੁਤਾਬਿਕ ਫ਼ਿਲਮਾਂ ਵਾਲਿਆਂ ਨੂੰ ਇੱਕ ਦਿਨ ਦੀ ਸ਼ੂਟਿੰਗ ਲਈ ਇੱਕ ਤੋਂ ਦੋ ਲੱਖ ਰੁਪਏ ਤਕ ਦੇਣੇ ਪੈਂਦੇ ਹਨ। ਅੱਜ ਟੂ ਟਾਇਰ ਸਟੇਸ਼ਨ ‘ਤੇ ਸ਼ੂਟਿੰਗ ਲਈ ਇੱਕ ਲੱਖ ਰੁਪਏ ਅਤੇ ਥ੍ਰੀ ਟਾਇਰ ਸਟੇਸ਼ਨ ‘ਤੇ ਸ਼ੂਟਿੰਗ ਲਈ ਫ਼ੀਸ 50 ਹਜ਼ਾਰ ਰੁਪਏ ਹੀ ਹੁੰਦੀ ਹੈ। ਵੈੱਸਟਰਨ ਰੇਲਵੇ ਚਾਰ ਕੋਚ ਦੀ ਚੱਲਦੀ ਰੇਲ ਗੱਡੀ ਦੀ ਸ਼ੂਟਿੰਗ ਲਈ ਚਾਰ ਲੱਖ ਅਤੇ ਪੰਜ ਕੋਚ ਵਾਲੀ ਰੇਲ ਗੱਡੀ ‘ਤੇ ਸ਼ੂਟਿੰਗ ਲਈ ਸਾਢੇ ਤਿੰਨ ਤੋਂ ਚਾਰ ਲੱਖ ਰੁਪਏ ਤਕ ਫ਼ੀਸ ਲੈਂਦਾ ਹੈ। ਕੁੱਝ ਵਿਸ਼ੇਸ਼ ਸਥਿਤੀਆਂ ਵਿੱਚ ਰੋਜ਼ਾਨਾ ਸ਼ੂਟਿੰਗ ਹੋਣ ‘ਤੇ ਪ੍ਰਤੀ ਦਿਨ ਦੀ ਇਹ ਫ਼ੀਸ ਕਾਫ਼ੀ ਘੱਟ ਹੋ ਜਾਂਦੀ ਹੈ। ਇਸ ਤੋਂ ਇਲਾਵਾ ਨਿਰਮਾਤਾਵਾਂ ਨੂੰ ਬੈਂਕ ਗੈਰੰਟੀ ਦੇ ਤੌਰ ‘ਤੇ ਵੱਡੀ ਰਾਸ਼ੀ ਭਰਨੀ ਪੈਂਦੀ ਹੈ। ਰੇਲਵੇ ਪ੍ਰੋਟੈਕਸ਼ਨ ਫ਼ੋਰਸ (RPLF) ਨੂੰ 25 ਹਜ਼ਾਰ ਰੁਪਏ ਦੇਣੇ ਪੈਂਦੇ ਹਨ। ਸਬੰਧਿਤ ਅਧਿਕਾਰੀ ਸਭ ਕੁੱਝ ਸਹੀ ਹੋਣ ਦਾ ਕਾਗ਼ਜ਼ ਪੇਸ਼ ਕਰਦੇ ਹਨ, ਓਦੋਂ ਬੈਂਕ ਗੈਰੰਟੀ ਨਿਰਮਾਤਾ ਨੂੰ ਵਾਪਿਸ ਕਰ ਦਿੱਤੀ ਜਾਂਦੀ ਹੈ।
ਹੁਣ ਰੇਲਵੇ ਵਿਭਾਗ ਵੀ ਫ਼ਿਲਮਸਾਜ਼ਾਂ ਪ੍ਰਤੀ ਪਹਿਲਾਂ ਦੇ ਮੁਕਾਬਲੇ ਕਾਫ਼ੀ ਉਦਾਰ ਹੋ ਗਿਆ ਹੈ। CST, ਲੋਨਾਵਾਲਾ, ਚੈੱਕ, ਆਪਟਾ, ਵਾਡੀਬੰਦਰ ਸਮੇਤ ਕਈ ਅਜਿਹੇ ਰੇਲਵੇ ਸਟੇਸ਼ਨ ਹਨ ਜੋ ਸਾਡੇ ਫ਼ਿਲਮਸਾਜ਼ਾਂ ਨੂੰ ਸ਼ੂਟਿੰਗ ਲਈ ਕਾਫ਼ੀ ਸੁਵਿਧਾਜਨਕ ਲੱਗਦੇ ਹਨ। ਵੈੱਸਟਰਨ ਰੇਲਵੇ ਦੇ PLRO ਮੁਤਾਬਿਕ ਪਹਿਲਾਂ ਨਿਰਮਾਤਾਵਾਂ ਨੂੰ ਸ਼ੂਟਿੰਗ ਦੀ ਆਗਿਆ ਮਿਲਣ ਵਿੱਚ ਘੱਟ ਤੋਂ ਘੱਟ ਦਸ ਤੋਂ ਪੰਦਰਾਂ ਦਿਨ ਲੱਗ ਜਾਂਦੇ ਸਨ, ਪਰ ਹੁਣ ਜ਼ਿਆਦਾ ਤੋਂ ਜ਼ਿਆਦਾ ਪੰਜ ਦਿਨ ਵਿੱਚ ਇਹ ਆਗਿਆ ਮਿਲ ਜਾਂਦੀ ਹੈ। ਕਈ ਵਿਸ਼ੇਸ਼ ਸਥਿਤੀਆਂ ਵਿੱਚ ਇਹ ਆਗਿਆ ਸਿਰਫ਼ ਤਿੰਨ ਦਿਨ ਵਿੱਚ ਵੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਉਂਝ ਤਾਂ ਫ਼ਿਲਮ ਨਿਰਮਾਤਾ ਆਪਣੀ ਫ਼ਿਲਮ ਦੀ ਮੰਗ ਮੁਤਾਬਿਕ ਰੇਲਵੇ ਸਟੇਸ਼ਨ ਦੀ ਚੋਣ ਕਰਦੇ ਹਨ। ਬੋਰੀਬੰਦਰ, CST ਚੌਕ ਲੋਨਾਵਾਲਾ ਆਦਿ ਨਿਰਮਾਤਾਵਾਂ ਦੇ ਹਰਮਨ ਪਿਆਰੇ ਸਟੇਸ਼ਨ ਹਨ ਜਿੱਥੇ ਉਹ ਸ਼ੂਟਿੰਗ ਕਰਨਾ ਪਸੰਦ ਕਰਦੇ ਹਨ, ਪਰ ਆਪਟਾ ਰੇਲਵੇ ਸਟੇਸ਼ਨ ਨਿਰਮਾਤਾਵਾਂ ਦੀ ਪਹਿਲੀ ਪਸੰਦ ਹੈ। ਪੁਰਾਣੀ ਫ਼ਿਲਮ ਅਮਰ ਪ੍ਰੇਮ ਤੋਂ ਲੈ ਕੇ ਹੁਣ ਤਕ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ, ਕੁਛ ਕੁਛ ਹੋਤਾ ਹੈ, ਗੁਰੂ, ਮੁਹੱਬਤੇਂ, ਖਾਕੀ, ਸਲੱਮਡੌਗ ਮਿਲੇਨੀਅਰ ਸਮੇਤ ਕਈ ਫ਼ਿਲਮਾਂ ਅਤੇ TV ਲੜੀਵਾਰਾਂ ਦੀ ਸ਼ੂਟਿੰਗ ਇਸ ਸਟੇਸ਼ਨ ‘ਤੇ ਹੋ ਚੁੱਕੀ ਹੈ।
ਰੇਲ ਜਾਂ ਰੇਲਵੇ ਪਲੈੱਟਫ਼ੌਰਮ ‘ਤੇ ਫ਼ਿਲਮਾਏ ਗਏ ਚੰਗੇ ਦ੍ਰਿਸ਼ਾਂ ਦੀ ਇੱਕ ਲੰਬੀ ਸੂਚੀ ਹੈ, ਪਰ ਸੰਜੀਦਾ ਸਿਨਮਾ ਪ੍ਰੇਮੀਆਂ ਦੇ ਦਿਲ-ਦਿਮਾਗ਼ ਵਿੱਚ ਕੁੱਝ ਦ੍ਰਿਸ਼ ਅਮਿਟ ਛਾਪ ਛੱਡ ਗਏ ਹਨ। ਯਾਦਗਾਰ ਫ਼ਿਲਮ ਅਨੁਪਮਾ ਨੂੰ ਯਾਦ ਕਰੋ। ਫ਼ਿਲਮ ਦੇ ਅੰਤਿਮ ਦ੍ਰਿਸ਼ ਵਿੱਚ ਕੁੱਝ ਨਾ ਬੋਲਣ ਵਾਲੀ ਬੇਟੀ ਸ਼ਰਮੀਲਾ ਟੈਗੋਰ ਪਿਤਾ ਦਾ ਵਿਰੋਧ ਕਰ ਕੇ ਆਪਣੇ ਪ੍ਰੇਮੀ ਧਰਮਿੰਦਰ ਦੇ ਪਿੰਡ ਸਥਿਤ ਘਰ ਵਿੱਚ ਜਾਣ ਲਈ ਰੇਲ ਗੱਡੀ ਵਿੱਚ ਬੈਠ ਚੁੱਕੀ ਹੈ। ਬੇਟੀ ਦੇ ਦੋਸਤ ਉਸ ਨੂੰ ਸਟੇਸ਼ਨ ‘ਤੇ ਛੱਡਣ ਆਏ ਹਨ। ਉਸ ਦਾ ਪਿਤਾ ਪਲੈੱਟਫ਼ੌਰਮ ਦੇ ਇੱਕ ਖੰਭੇ ਤੋਂ ਛੁਪ ਕੇ ਸਭ ਕੁੱਝ ਦੇਖ ਰਿਹਾ ਹੈ। ਕੈਮਰਾ ਉਸ ‘ਤੇ ਫ਼ਰੀਜ਼ ਹੋ ਕੇ ਫ਼ਿਲਮ ਖ਼ਤਮ ਹੋ ਜਾਂਦੀ ਹੈ।
ਜਬ ਵੀ ਮੈੱਟ ਵਿੱਚ ਕਰੀਨਾ ਕਪੂਰ ‘ਤੇ ਫ਼ਿਲਮਾਇਆ ਗਿਆ ਦ੍ਰਿਸ਼ ਵੀ ਬਹੁਤ ਸਹਿਜ ਹੈ। ਇਹ ਦ੍ਰਿਸ਼ ਆਮ ਜ਼ਿੰਦਗੀ ਦੇ ਕਰੀਬ ਹੈ। ਸਵਦੇਸ਼ ਫ਼ਿਲਮ ਵਿੱਚ ਸ਼ਾਹਰੁਖ਼ ‘ਤੇ ਫ਼ਿਲਮਾਏ ਗਏ ਦ੍ਰਿਸ਼ ਲਈ ਨਿਰਦੇਸ਼ਕ ਆਸ਼ੂਤੋਸ਼ ਗੋਵਾਰੀਕਰ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਘੱਟ ਹੈ। ਸ਼ਾਹਰੁਖ਼ ਬੱਚੇ ਤੋਂ ਪਾਣੀ ਖ਼ਰੀਦਦਾ ਹੈ, ਅਤੇ ਉਸ ਨੂੰ 5 ਰੁਪਏ ਦਾ ਇੱਕ ਸਿੱਕਾ ਦਿੰਦਾ ਹੈ। ਬੱਚਾ ਪੈਸੇ ਵਾਪਿਸ ਕਰਨ ਲਈ ਪਾਈ-ਪਾਈ ਜੋੜ ਰਿਹਾ ਹੈ, ਓਦੋਂ ਗੱਡੀ ਚੱਲ ਪੈਂਦੀ ਹੈ ਅਤੇ ਬੱਚਾ ਭੱਜ ਕੇ ਉਸਨੂੰ ਉਹ ਪੈਸੇ ਵਾਪਿਸ ਕਰਦਾ ਹੈ। ਇਸ ਪੂਰੇ ਦ੍ਰਿਸ਼ ਨੂੰ ਫ਼ਿਲਮਸਾਜ਼ ਨੇ ਜਿਸ ਕੁਸ਼ਲਤਾ ਨਾਲ ਫ਼ਿਲਮਾਇਆ ਹੈ, ਇਹ ਬਹੁਤ ਮਾਰਮਿਕ ਬਣ ਗਿਆ।