ਨਵੀਂ ਦਿੱਲੀ— ਦਿੱਲੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਆਈ.ਐੱਸ.ਆਈ.ਐੱਸ. ਪ੍ਰੇਰਿਤ ਅੱਤਵਾਦੀ ਮੋਡਿਊਲ ਦੇ ਮੈਂਬਰ ਮੁਹੰਮਦ ਫੈਜ਼ ਨੂੰ ਇਕ ਮਈ ਤੱਕ ਲਈ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਹਿਰਾਸਤ ‘ਚ ਸੌਂਪ ਦਿੱਤਾ ਹੈ। ਇਸ ਮੋਡਿਊਲ ਦੇ ਅਧੀਨ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਅਤੇ ਉੱਤਰ ਪ੍ਰਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਰਚੀ ਜਾ ਰਹੀ ਸੀ। ਉੱਚ ਸੈਸ਼ਨ ਜੱਜ ਰਾਕੇਸ਼ ਸਿਆਲ ਨੇ ਫੈਜ਼ ਤੋਂ ਪੁੱਛ-ਗਿੱਛ ਲਈ ਉਸ ਨੂੰ ਐੱਨ.ਆਈ.ਏ. ਨੂੰ ਸੌਂਪ ਦਿੱਤਾ। ਉਸ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐੱਨ.ਆਈ.ਏ. ਨੇ ਅੱਗੇ ਦੀ ਜਾਂਚ ਲਈ ਉਸ ਨੂੰ 7 ਦਿਨ ‘ਚ ਹਿਰਾਸਤ ‘ਚ ਦੇਣ ਦੀ ਮੰਗ ਕੀਤੀ ਸੀ। ਐੱਨ.ਆਈ.ਏ. ਨੇ ਅਦਾਲਤ ਨੂੰ ਕਿਹਾ ਕਿ ਫੈਜ਼ ਐਨ.ਸੀ.ਆਰ. ਅਤੇ ਉੱਤਰ ਪ੍ਰਦੇਸ਼ ‘ਚ ਬੰਬ ਧਮਾਕਿਆਂ ਦੀ ਸਾਜਿਸ਼ ਦਾ ਮੁੱਖ ਸਾਜਿਸ਼ਕਰਤਾ ਸੀ। ਏਜੰਸੀ ਨੇ ਕੋਰਟ ਨੂੰ ਇਹ ਵੀ ਕਿਹਾ ਕਿ ਫੈਜ਼ ਆਈ.ਐੱਸ.ਆਈ.ਐੱਸ. ਪ੍ਰੇਰਿਤ ਹਰਕਤ-ਉਲ-ਹਰਬ-ਏ-ਇਸਲਾਮ ਦਾ ਮੁੱਖ ਮੈਂਬਰ ਸੀ। ਉਸ ਨੇ ਕਿਹਾ ਕਿ ਜਾਂਚ ‘ਚ ਪਤਾ ਲੱਗਾ ਹੈ ਕਿ ਉਹ ਗਿਰੋਹ ਲਈ ਸਾਮਾਨ ਖਰੀਦਣ ‘ਚ ਸ਼ਾਮਲ ਸੀ ਤਾਂ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਜਾ ਸਕੇ।
ਬਚਾਅ ਪੱਖ ਦੇ ਵਕੀਲ ਐੱਮ.ਐੱਸ. ਖਾਨ ਨੇ ਏਜੰਸੀ ਦੀ ਦਲੀਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਫੈਜ਼ ਪਹਿਲਾਂ ਤੋਂ ਜਾਂਚ ‘ਚ ਸ਼ਾਮਲ ਹੈ ਅਤੇ ਉਸ ਨੂੰ ਏਜੰਸੀ ਦੀ ਰਿਮਾਂਡ ‘ਚ ਭੇਜਣ ਦੀ ਕੋਈ ਲੋੜ ਨਹੀਂ ਹੈ। ਐੱਨ.ਆਈ.ਏ. ਅਨੁਸਾਰ ਇਹ ਮਾਮਲਾ ਕਥਿਤ ਤੌਰ ‘ਤੇ ਆਈ.ਐੱਸ. ਅੱਤਵਾਦੀਆਂ ਵੱਲ ਝੁਕਾਅ ਵਾਲੇ ਇਕ ਸਮੂਹ ਨਾਲ ਸੰਬੰਧਤ ਹੈ, ਜਿਨ੍ਹਾਂ ਨੇ ਇਕ ਅੱਤਵਾਦੀ ਸੰਗਠਨ ਬਣਾਇਆ ਅਤੇ ਸਰਕਾਰ ਵਿਰੁੱਧ ਯੁੱਧ ਛੇੜਨ ਦੇ ਮਕਸਦ ਨਾਲ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚੀ। ਇਸ ਮਾਮਲੇ ‘ਚ ਦਾਅਵਾ ਕੀਤਾ ਗਿਆ ਹੈ ਕਿ ਸਥਾਨਕ ਰੂਪ ਨਾਲ ਬਣੇ ਰਾਕੇਟ ਲਾਂਚਰ, ਆਤਮਘਾਤੀ ਹਮਲਿਆਂ ਲਈ ਜੈਕੇਟ, 112 ਘੜੀਆਂ ਅਤੇ 25 ਕਿਲੋਗ੍ਰਾਮ ਵਿਸਫੋਟਕ ਅਤੇ ਹੋਰ ਸਾਮਾਨ ਜ਼ਬਤ ਕੀਤੇ ਗਏ।