ਨਵੀਂ ਦਿੱਲੀ — ਰਾਫੇਲ ਮਾਮਲੇ ਵਿਚ ਸਾਹਮਣੇ ਆਈ ਇਕ ਨਵੀਂ ਮੀਡੀਆ ਰਿਪੋਰਟ ਬਾਰੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਨੇ ਮੋਦੀ ਜੀ ‘ਤੇ ਕਾਰੋਬਾਰੀ ਅਨਿਲ ਅੰਬਾਨੀ ਦੇ ‘ਵਿਚੋਲੇ’ ਵਾਂਗ ਕੰਮ ਕਰਨ ਅਤੇ ਸਰਕਾਰੀ ਗੁਪਤ (ਸੀਕ੍ਰੇਟ) ਕਾਨੂੰਨ ਦਾ ਉਲੰਘਣ ਕਰਨ ਦਾ ਦੋਸ਼ ਲਾਉਂਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨੇ ਜੋ ਕੀਤਾ ਹੈ, ਉਹ ‘ਦੇਸ਼ਧਰੋਹ’ ਹੈ। ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਰਾਸ਼ਟਰੀ ਸੁਰੱਖਿਆ ਨਾਲ ਸਮਝੌਤਾ ਕਰਨ ਲਈ ਮੋਦੀ ‘ਤੇ ਅਪਰਾਧਕ ਕਾਰਵਾਈ ਸ਼ੁਰੂ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਪ੍ਰਧਾਨ ਮੰਤਰੀ ਦੇ ਫਰਾਂਸ ਦੌਰੇ ਤੋਂ ਪਹਿਲਾਂ ਅੰਬਾਨੀ ਨੂੰ ਕਿਵੇਂ ਪਤਾ ਲੱਗ ਗਿਆ ਸੀ ਕਿ ਸੌਦਾ ਹੋਣ ਵਾਲਾ ਹੈ ਅਤੇ ਕਾਨਟ੍ਰੈਕਟ ਉਨ੍ਹਾਂ ਨੂੰ ਮਿਲਣ ਵਾਲਾ ਹੈ? ਰਾਹੁਲ ਨੇ ਇਹ ਹਮਲਾ ਉਸ ਸਮੇਂ ਬੋਲਿਆ ਹੈ, ਜਦੋਂ ਇਕ ਅੰਗਰੇਜ਼ੀ ਅਖਬਾਰ ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮਾਰਚ 2015 ਦੇ ਚੌਥੇ ਹਫਤੇ ਵਿਚ ਕਾਰੋਬਾਰੀ ਅਨਿਲ ਅੰਬਾਨੀ ਫਰਾਂਸ ਦੇ ਉਸ ਵੇਲੇ ਦੇ ਰੱਖਿਆ ਮੰਤਰੀ ਦੇ ਪੈਰਿਸ ਸਥਿਤ ਦਫਤਰ ਗਏ ਸਨ।
ਇਸ ਦੇ ਦੋ ਹਫਤੇ ਮਗਰੋਂ ਨਰਿੰਦਰ ਮੋਦੀ ਨੇ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ। ਰਾਹੁਲ ਗਾਂਧੀ ਦੇ ਇਸ ਦੋਸ਼ ‘ਤੇ ਸਰਕਾਰ ਜਾਂ ਅਨਿਲ ਅੰਬਾਨੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਰਾਹੁਲ ਗਾਂਧੀ ਨੇ ਪਾਰਟੀ ਹੈੱਡਕੁਆਰਟਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਇਕ ਈ-ਮੇਲ ਸਾਹਮਣੇ ਆਇਆ ਹੈ, ਜਿਸ ਤੋਂ ਸਵਾਲ ਪੈਦਾ ਹੁੰਦਾ ਹੈ ਕਿ ਅਨਿਲ ਅੰਬਾਨੀ ਕਿਵੇਂ ਪ੍ਰਧਾਨ ਮੰਤਰੀ ਦੌਰੇ ਤੋਂ ਪਹਿਲਾਂ ਫਰਾਂਸ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਕਰ ਰਹੇ ਸਨ? ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਵੇਲੇ ਦੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੂੰ ਸੌਦੇ ਬਾਰੇ ਪਤਾ ਨਹੀਂ ਸੀ। ਉਸ ਵੇਲੇ ਦੇ ਵਿਦੇਸ਼ ਸਕੱਤਰ ਨੂੰ ਨਹੀਂ ਪਤਾ ਸੀ ਪਰ ਅਨਿਲ ਅੰਬਾਨੀ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਸੌਦਾ ਹੋਣ ਵਾਲਾ ਹੈ ਅਤੇ ਉਹ ਫਰਾਂਸ ਦੇ ਰੱਖਿਆ ਮੰਤਰੀ ਨਾਲ ਬੈਠ ਕੇ ਗੱਲਬਾਤ ਕਰ ਰਹੇ ਸਨ।
ਰਾਹੁਲ ਨੇ ਅੱਗੇ ਦੋਸ਼ ਲਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਨਿਲ ਅੰਬਾਨੀ ਨੂੰ ਸੌਦੇ ਬਾਰੇ ਸੂਚਿਤ ਕੀਤਾ ਸੀ ਅਤੇ ਅੰਬਾਨੀ ਨੇ ਫਰਾਂਸ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੌਦਾ ਮਿਲਣ ਵਾਲਾ ਹੈ। ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਅਨਿਲ ਅੰਬਾਨੀ ਲਈ ਵਿਚੋਲੇ ਦਾ ਕੰਮ ਕਰ ਰਹੇ ਹਨ। ਇਹ ਪੂਰੀ ਤਰ੍ਹਾਂ ਸਾਫ ਹੈ। ਮੋਦੀ ਜੀ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਅਨਿਲ ਅੰਬਾਨੀ ਨੂੰ ਸੌਦੇ ਬਾਰੇ 10 ਦਿਨ ਪਹਿਲਾਂ ਕਿਵੇਂ ਪਤਾ ਲੱਗਾ? ਇਹ ਦੇਸ਼ਧਰੋਹ ਹੈ। ਮੋਦੀ ਜੀ ਉਹ ਹੀ ਕਰ ਰਹੇ ਸਨ, ਜੋ ਜਾਸੂਸ ਕਰਦੇ ਹਨ। ਇਹ ਅਪਰਾਧ ਹੈ ਅਤੇ ਪ੍ਰਧਾਨ ਮੰਤਰੀ ਨੂੰ ਜੇਲ ਹੋ ਸਕਦੀ ਹੈ। ਰਾਫੇਲ ਸੌਦੇ ਦੀ ਸੱਚਾਈ ਦੇਸ਼ ਦੇ ਸਾਹਮਣੇ ਆ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਪ੍ਰਧਾਨ ਮੰਤਰੀ ਭ੍ਰਿਸ਼ਟ ਹਨ। ਕੈਗ ਰਿਪੋਰਟ ਬਾਰੇ ਗਾਂਧੀ ਨੇ ਕਿਹਾ ਕਿ ਇਹ ਚੌਕੀਦਾਰ ਆਡੀਟਰ ਜਨਰਲ ਦੀ ਰਿਪੋਰਟ ਹੈ। ਇਹ ਨਰਿੰਦਰ ਮੋਦੀ ਦੀ ਰਿਪੋਰਟ ਹੈ। ਰਾਫੇਲ ਮੁੱਦੇ ਵਿਚ ਬਹੁਤ ਸਾਰੇ ਸਬੂਤ ਸਾਹਮਣੇ ਆਏ ਹਨ।