ਸਪੋਰਟਸ ਡੈੱਸਕ – ਐਂਟੀਗਾ ਵਿੱਚ ਇੰਗਲੈਂਡ ਅਤੇ ਵਿੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੈੱਸਟ ਵਿੱਚ ਬੇਸ਼ਕ ਕੈਰੇਬੀਆਈ ਟੀਮ ਨੇ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਨਾਲ ਸ਼ਾਨਦਾਰ ਬੜ੍ਹਤ ਹਾਸਿਲ ਕਰ ਲਈ ਹੋਵੇ, ਪਰ ਵਿੰਡੀਜ਼ ਦੀ ਟੀਮ ਨੂੰ ਵੱਡਾ ਝਟਕਾ ਉਸ ਸਮੇਂ ਲੱਗਾ ਜਦੋਂ ICC ਨੇ ਉਸ ਦੇ ਕਪਤਾਨ ਜੇਸਨ ਹੋਲਡਰ ‘ਤੇ ਇੱਕ ਟੈੱਸਟ ਮੈਚ ਦਾ ਬੈਨ ਲਗਾ ਦਿੱਤਾ ਅਤੇ ਉਹ ਵੀ ਓਵਰ ਰੇਟ ਦਾ ਹਵਾਲਾ ਦੇ ਕੇ। ਉੱਥੇ ਹੀ ਆਸਟਰੇਲੀਆ ਦੇ ਸਾਬਕਾ ਧਾਕੜ ਸਪਿਨਰ ਸ਼ੇਨ ਵਾਰਨ ਨੇ ਇਸ ਫ਼ੈਸਲੇ ਨੂੰ ਲੈ ਕੇ ICC ‘ਤੇ ਵਰ੍ਹਦਿਆਂ ਇਸ ਨੂੰ ਮਖੌਲ ਕਰਾਰ ਦੇ ਦਿੱਤਾ, ਅਤੇ ਨਾਲ ਹੀ ਉਸ ਨੇ ਜੇਸਨ ਹੋਲਡਰ ਨੂੰ ਇਸ ਮਾਮਲੇ ‘ਚ ਸਲਾਹ ਵੀ ਦਿੱਤੀ।
ਵਿੰਡੀਜ਼ ਦੇ ਕਪਤਾਨ ਜੇਸਨ ਹੋਲਡਰ ਦੇ ਬੈਨ ਵਾਲੇ ICC ਦੇ ਫ਼ੈਸਲੇ ਨੂੰ ਨਿਸ਼ਾਨੇ ‘ਤੇ ਲੈਂਦਿਆਂ ਵਾਰਨ ਨੇ ਟਵੀਟ ਕੀਤਾ। ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਕੀਤੇ ਟਵੀਟ ਵਿੱਚ ਵਾਰਨ ਨੇ ICC ਨੂੰ ਪੁੱਛਿਆ, ”ਜਿਹੜਾ ਟੈੱਸਟ ਮੈਚ ਤਿੰਨ ਦਿਨ ਵੀ ਨਹੀਂ ਚੱਲਿਆ ਉਸ ਵਿੱਚ ਹੋਲੀ ਓਵਰ ਰੇਟ ਦਾ ਕੀ ਮਤਲਬ। ICC ਦੇ ਇਸ ਮਜ਼ਾਕੀਆ ਫ਼ੈਸਲੇ ਤੋਂ ਬਾਅਦ ਮੈਨੂੰ ਇਹ ਪਤਾ ਨਹੀਂ ਚੱਲ ਰਿਹਾ ਕਿ ਆਖਰ ਉਸ ਦੌਰਾਨ ICC ਦੀ ਸਮਝ ਕਿੱਥੇ ਘਾ ਚਰਣ ਗਈ ਸੀ।”

ਉਸ ਤੋਂ ਬਾਅਦ ਵਾਰਨ ਨੇ ਵਿੰਡੀਜ਼ ਦੇ ਕਪਤਾਨ ਹੋਲਡਰ ਨੂੰ ਸਲਾਹ ਦਿੱਤੀ। ਵਾਰਨ ਨੇ ਲਿਖਿਆ, ”ਮੈਨੂੰ ਲਗਦਾ ਹੈ ਕਿ ਹੋਲਡਰ ਨੂੰ ICC ਦੇ ਇਸ ਫ਼ੈਸਲੇ ਦਾ ਵਿਰੋਧ ਕਰਨਾ ਚਾਹੀਦਾ ਸੀ, ਅਤੇ ਇਸ ਮਜ਼ਾਕੀਆ ਫ਼ੈਸਲੇ ਖ਼ਿਲਾਫ਼ ਅਪੀਲ ਕਰਨੀ ਚਾਹੀਦੀ ਸੀ।” ਇਸ ਤੋਂ ਬਾਅਦ ਵਾਰਨ ਨੇ ਇੱਕ ਹੋਰ ਟਵੀਟ ਕਰਦਿਆਂ ਲਿਖਿਆ, ”ਪ੍ਰਸ਼ੰਸਕਾਂ ਨੇ ਮੈਦਾਨ ‘ਤੇ ਜੇਸਨ ਅਤੇ ਉਸ ਦੀ ਟੀਮ ਵਲੋਂ ਖੇਡਿਆ ਗਿਆ ਸ਼ਾਨਦਾਰ ਕ੍ਰਿਕਟ ਦੇਖਿਆ ਅਤੇ ਨਾਲ ਹੀ ਕਿਹਾ ਕਿ ਉਸ ‘ਤੇ ਪਾਬੰਦੀ ਲਾਉਣਾ ਕਾਫ਼ੀ ਮਜ਼ਾਕੀਆ ਹੈ।”