ਕੰਗਨਾ ਰਨੌਤ ਅਤੇ ਸਲਮਾਨ ਖ਼ਾਨ ਨੇ ਹੁਣ ਤਕ ਕਿਸੇ ਫ਼ਿਲਮ ‘ਚ ਇਕੱਠਿਆਂ ਕੰਮ ਨਹੀਂ ਕੀਤਾ ਜਦਕਿ ਫ਼ਿਲਮ ਸੁਲਤਾਨ ‘ਚ ਸਲਮਾਨ ਨਾਲ ਕੰਮ ਕਰਨ ਤੋਂ ਕੰਗਨਾ ਨੇ ਖ਼ੁਦ ਇਨਕਾਰ ਕਰ ਦਿੱਤਾ ਸੀ। ਹੁਣ ਕੰਗਨਾ ਦੀ ਫ਼ਿਰ ਇੱਛਾ ਹੈ ਕਿ ਉਹ ਕਿਸੇ ਫ਼ਿਲਮ ‘ਚ ਉਸ ਨਾਲ ਇੱਕ ਅਦਾਕਾਰਾ ਜਾਂ ਨਿਰਦੇਸ਼ਕ ਦੇ ਤੌਰ ‘ਤੇ ਕੰਮ ਕਰੇ …
ਬੌਲੀਵੁਡ ਕੁਈਨ ਕੰਗਨਾ ਰਨੌਤ ਦਬੰਗ ਸਟਾਰ ਸਲਮਾਨ ਖ਼ਾਨ ਨਾਲ ਜੋੜੀ ਜਮਾਉਣਾ ਚਾਹੁੰਦੀ ਹੈ। ਕੰਗਨਾ ਇਨ੍ਹੀਂ ਦਿਨੀਂ ਫ਼ਿਲਮ ਮਣੀਕਰਣਿਕਾ: ਦਾ ਕੁਈਨ ਔਫ਼ ਝਾਂਸੀ ਨੂੰ ਲੈ ਕੇ ਕਾਫ਼ੀ ਚਰਚਾ ‘ਚ ਹੈ। ਇੱਕ ਇੰਟਰਵਿਊ ਦੌਰਾਨ ਸਲਮਾਨ ਨਾਲ ਫ਼ਿਲਮ ਕਰਨ ਬਾਰੇ ਸਵਾਲ ਦੇ ਜਵਾਬ ‘ਚ ਕੰਗਨਾ ਨੇ ਕਿਹਾ ਕਿ ਸਲਮਾਨ ਉਸ ਦਾ ਚੰਗਾ ਦੋਸਤ ਹੈ। ਮੈਨੂੰ ਜੇ ਕਦੇ ਉਸ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ ਤਾਂ ਮੈਂ ਇਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰਾਂਗੀ। ਸਲਮਾਨ ਖ਼ਾਨ ਅਤੇ ਕੰਗਨਾ ਦੇ ਸਬੰਧ ਹਮੇਸ਼ਾ ਦੋਸਤਾਨਾ ਰਹੇ ਹਨ। ਦੋਹਾਂ ਨੇ ਕਦੇ ਇੱਕ-ਦੂਜੇ ਬਾਰੇ ‘ਚ ਕੋਈ ਬਿਆਨਬਾਜ਼ੀ ਨਹੀਂ ਕੀਤੀ।
ਕੰਗਨਾ ਨੇ ਫ਼ਿਲਮ ਸੁਲਤਾਨ ਵਿੱਚ ਸਲਮਾਨ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕੰਗਨਾ ਨੇ ਕਈ ਵਾਰ ਇਹ ਗੱਲ ਮੰਨੀ ਹੈ ਕਿ ਸਲਮਾਨ ਉਸ ਦੇ ਕੰਮ ਦੀ ਬਹੁਤ ਕਦਰ ਕਰਦਾ ਹੈ। ਕੰਗਨਾ ਨੇ ਕਿਹਾ ਕਿ ਭਾਵੇਂ ਸਲਮਾਨ ਨਾਲ ਐਕਟਿੰਗ ਹੋਵੇ ਜਾਂ ਨਿਰਦੇਸ਼ਨ ਦਾ ਕੰਮ, ਉਹ ਕਿਸੇ ਵੀ ਪੇਸ਼ਕਸ਼ ਨੂੰ ਤੁਰੰਤ ਸਵੀਕਾਰ ਕਰੇਗੀ। ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੰਗਨਾ ਦੀ ਫ਼ਿਲਮ ਮਣੀਕਰਣਿਕਾ ਰਿਲੀਜ਼ ਹੋਈ ਹੈ ਜਿਸ ‘ਚ ਉਸ ਨੇ ਅੰਗਰੇਜ਼ਾਂ ਖ਼ਿਲਾਫ਼ ਲੜਨ ਵਾਲੀ ਝਾਂਸੀ ਦੀ ਰਾਣੀ ਲਕਸ਼ਮੀ ਬਾਈ ਦਾ ਕਿਰਦਾਰ ਨਿਭਾਇਆ ਸੀ।
ਇਸ ਫ਼ਿਲਮ ‘ਚ ਪਹਿਲੀ ਵਾਰ ਕੰਗਨਾ ਨੇ ਇੱਕ ਨਿਰਦੇਸ਼ਕ ਵਜੋਂ ਵੀ ਜ਼ਿੰਮੇਵਾਰੀ ਨਿਭਾਈ ਹੈ। ਇਸ ਦੇ ਨਾਲ ਹੀ ਨਵਾਜ਼ਉਦੀਨ ਸਿੱਦੀਕੀ ਦੀ ਫ਼ਿਲਮ ਠਾਕਰੇ ਵੀ ਰਿਲੀਜ਼ ਹੋਈ ਹੈ ਜਿਸ ਨੂੰ ਕੋਈ ਬਹੁਤ ਹੁੰਗਾਰਾ ਨਹੀਂ ਮਿਲਿਆ। ਕੰਗਨਾ ਦੀਆਂ ਛੇਤੀ ਰਿਲੀਜ਼ ਹੋਣ ਵਾਲੀਆਂ ਫ਼ਿਲਮਾਂ ‘ਚ ਮੈਂਟਲ ਹੈ ਕਯਾ ਅਤੇ ਪੰਗਾ ਪ੍ਰਮੁੱਖ ਹਨ। ਫ਼ਿਲਮ ਪੰਗਾ ‘ਚ ਉਸ ਨਾਲ ਰਿਚਾ ਚੱਢਾ ਵੀ ਅਹਿਮ ਭੂਮਿਕਾ ਨਿਭਾ ਰਹੀ ਹੈ ਜਦਕਿ ਮੈਂਟਲ ਹੈ ਕਯਾ ‘ਚ ਕੰਗਨਾ ਨਾਲ ਰਾਜਕੁਮਾਰ ਰਾਓ ਹੈ। ਰਾਓ ਪਹਿਲਾਂ ਵੀ ਕੰਗਨਾ ਨਾਲ ਫ਼ਿਲਮ ਕੁਈਨ ‘ਚ ਦਮਦਾਰ ਅਦਾਕਾਰੀ ਨਿਭਾ ਚੁੱਕਾ ਹੈ। ਫ਼ਿਲਮ ਮੈਂਟਲ ਹੈ ਕਯਾ ਇਸੇ ਸਾਲ ਰਿਲੀਜ਼ ਹੋਵੇਗੀ।