ਇਸਲਾਮਾਬਾਦ – ਕੌਮਾਂਤਰੀ ਕ੍ਰਿਕਟ ਪਰੀਸ਼ਦ (ICC) ਤੋਂ ਚਾਰ ਮੈਚਾਂ ਦੀ ਪਾਬੰਦੀ ਝੇਲ ਰਹੇ ਪਾਕਿਸਤਾਨ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੂੰ ਪਾਕਿਸਤਾਨ ਕ੍ਰਿਕਟ ਬੋਰਡ (PCB) ਤੋਂ ਰਾਹਤ ਦੀ ਖ਼ਬਰ ਮਿਲੀ ਹੈ। PCB ਨੇ ਕਿਹਾ ਕਿ 2019 ਵਿੱਚ ਇੰਗਲੈਂਡ ਵਿੱਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿੱਚ ਸਰਫ਼ਰਾਜ਼ ਹੀ ਪਾਕਿ ਟੀਮ ਦੀ ਅਗਵਾਈ ਕਰਨਗੇ। PCB ਨੇ ਇੱਕ ਵਾਰ ਸਰਫ਼ਰਾਜ਼ ਦਾ ਸਮੱਰਥਨ ਕੀਤਾ ਹੈ, ਅਤੇ ਉਸ ਨੂੰ ਵਿਸ਼ਵ ਕੱਪ ਤੋਂ ਕੁੱਝ ਹੀ ਮਹੀਨੇ ਪਹਿਲਾਂ ਹੀ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ।
PCB ਦੇ ਪ੍ਰਧਾਨ ਅਹਿਸਾਮ ਮਨੀ ਨੇ ਕਿਹਾ, ”ਸਰਫ਼ਰਾਜ਼ ਵਿਸ਼ਵ ਕੱਪ ਦੀ ਤਿਆਰੀ ਦਾ ਅਟੁੱਟ ਅੰਗ ਹੈ। ਉਹ ਇੱਕ ਚੰਗੇ ਰਣਨੀਤੀਕਾਰ, ਕਪਤਾਨ, ਬਿਹਤਰੀਨ ਖਿਡਾਰੀ ਸਾਬਿਤ ਹੋਏ ਹਨ। ਉਸ ਦੀ ਅਗਵਾਈ ਵਿੱਚ ਹੀ ਪਾਕਿਸਤਾਨ ਚੈਂਪੀਅਨਜ਼ ਟਰੌਫ਼ੀ 2017 ਜਿੱਤੀ ਸੀ, ਅਤੇ ਉਸ ਦੀ ਕਪਤਾਨੀ ਵਿੱਚ ਹੀ ਪਾਕਿ ਟੀਮ ICC T-20 ਰੈਂਕਿੰਗ ਵਿੱਚ ਚੋਟੀ ‘ਤੇ ਪਹੁੰਚਿਆ ਹੈ।”
ਮਨੀ ਨੇ ਇਸ ਤੋਂ ਬਾਅਦ ਕਿਹਾ, ”ਸਰਫ਼ਰਾਜ਼ ਦੀ ਕਪਤਾਨੀ ਦੀ ਵਿਸ਼ਵ ਤੋਂ ਬਾਅਦ ਹੀ ਸਮੀਖਿਆ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਵਨ ਡੇ ਸੀਰੀਜ਼ ਦੇ ਦੂਜੇ ਮੈਚ ਦੌਰਾਨ ਸਰਫ਼ਰਾਜ਼ ਨੇ ਦੱਖਣੀ ਅਫ਼ਰੀਕਨ ਖਿਡਾਰੀ ਐਂਡੀਲੇ ਫ਼ੇਹਲੁਕਵਾਓ ‘ਤੇ ਨਸਲੀ ਟਿੱਪਣੀ ਕੀਤੀ ਸੀ ਜਿਸ ਨੂੰ ਵਿਕਟ ਦੇ ਪਿੱਛੇ ਲੱਗੇ ਮਾਈਕ ਨੇ ਰਿਕਾਰਡ ਕਰ ਲਿਆ ਸੀ। ਉਸ ਤੋਂ ਬਾਅਦ ਸਰਫ਼ਰਾਜ਼ ਨੇ ਟਵੀਟ ਕਰ ਕੇ ਅਤੇ ਫ਼ੇਹਲੁਕਵਾਓ ਨਾਲ ਜ਼ਾਤੀ ਤੌਰ ‘ਤੇ ਮੁਲਾਕਾਤ ਕਰ ਕੇ ਉਸ ਤੋਂ ਮੁਆਫ਼ੀ ਵੀ ਮੰਗ ਲਈ ਸੀ। ਇਸ ਦੇ ਬਾਵਜੂਦ ICC ਨੇ ਉਸ ‘ਤੇ ਚਾਰ ਮੈਚਾਂ ਦੀ ਪਾਬੰਦੀ ਲਾ ਦਿੱਤੀ ਸੀ। ਫ਼ਿਲਹਾਲ ਸਰਫ਼ਰਾਜ਼ ਪਾਕਿਸਤਾਨ ਸੁਪਰ ਲੀਗ ਅਤੇ ਮਾਰਚ ਵਿੱਚ ਆਸਟਰੇਲੀਆ ਨਾਲ ਹੋਣ ਵਾਲੀ ਸੀਰੀਜ਼ ਲਈ ਅਭਿਆਸ ਕਰ ਰਿਹਾ ਹੈ।