ਪ੍ਰਯਾਗਰਾਜ- ਭਾਜਪਾ ਪ੍ਰਧਾਨ ਅਮਿਤ ਸ਼ਾਹ ਅਤੇ ਸੀ. ਐੱਮ. ਯੋਗੀ ਅਦਿੱਤਿਆਨਾਥ ਅੱਜ ਭਾਵ ਬੁੱਧਵਾਰ ਨੂੰ ਪ੍ਰਯਗਰਾਜ ਪਹੁੰਚੇ। ਅਮਿਤ ਸ਼ਾਹ ਲਗਭਗ 4 ਘੰਟੇ ਕੁੰਭ ਮੇਲੇ ‘ਚ ਰਹਿਣਗੇ। ਉਨ੍ਹਾਂ ਨਾਲ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਹੋਣਗੇ। ਸੀ. ਐੱਮ. ਅਦਿੱਤਿਆਨਾਥ ਯੋਗੀ ਨੇ ਬਮਰੌਲੀ ਏਅਰਪੋਰਟ ‘ਤੇ ਅਮਿਤ ਸ਼ਾਹ ਦਾ ਸਵਾਗਤ ਕੀਤਾ, ਫਿਰ ਦੋਵੇਂ ਹੈਲੀਕਾਪਟਰ ਰਾਹੀ ਅਰੈਲ ਸਥਿਤ ਹੈਲੀਪੈਡ ਆਏ।
ਸੰਗਮ ਪਹੁੰਚ ਕੇ ਲਗਾਈ ਡੁੱਬਕੀ-
ਅਮਿਤ ਸ਼ਾਹ, ਸੀ. ਐੱਮ. ਯੋਗੀ ਅਤੇ ਹੋਰ ਮੰਤਰੀਆਂ ਦੇ ਨਾਲ ਸੰਗਮ ਪਹੁੰਚ ਕੇ ਡੁੱਬਕੀ ਲਾਈ। ਅਮਿਤ ਸ਼ਾਹ ਦੇ ਨਾਲ ਸੀ. ਐੱਮ. ਯੋਗੀ ਅਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ, ਆਲ ਇੰਡੀਆ ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ, ਮਹਾਂਮੰਤਰੀ ਹਰਿ ਗਿਰੀ, ਯੋਗ ਗੁਰੂ ਬਾਬਾ ਰਾਮਦੇਵ ਸਮੇਤ ਕਈ ਹੋਰ ਕੇਂਦਰੀ ਮੰਤਰੀ ਵੀ ਮੌਜੂਦ ਹਨ।
ਤ੍ਰਿਵੇਣੀ ਸੰਗਮ ‘ਤੇ ਆਰਤੀ-
ਸੰਗਮ ‘ਚ ਇਸ਼ਨਾਨ ਕਰਨ ਤੋਂ ਬਾਅਦ ਅਮਿਤ ਸ਼ਾਹ ਅਤੇ ਸੀ. ਐੱਮ. ਯੋਗੀ ਨੇ ਤ੍ਰਿਵੇਣੀ ਸੰਗਮ ‘ਤੇ ਆਰਤੀ ਕੀਤੀ। ਇਸ ਤੋਂ ਬਾਅਦ ਕਿਲਾ ਸਥਿਤ ਮੂਲ ਅਕਸ਼ੈਵਟ ਦੇ ਦਰਸ਼ਨ ਲਈ ਰਵਾਨਾ ਹੋਣਗੇ। ਇਸ ਦੇ ਨਾਲ ਕਿਲੇ ‘ਚ ਸਥਿਤ ਸਰਸਵਤੀ ਕੂਪ ਜਾਣਗੇ। ਇੱਥੇ ਵੱਡੇ ਮੰਦਰ ‘ਚ ਦਰਸ਼ਨ-ਪੂਜਾ ਕਰਨਗੇ।
ਸੀਲ ਕੀਤਾ ਗਿਆ ਸੰਗਮ-
ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮੁੱਖ ਮੰਤਰੀ ਦੇ ਪਹੁੰਚਣ ਨੂੰ ਲੈ ਕੇ ਦੋ ਘੰਟਿਆਂ ਤੱਕ ਸੰਗਮ ਨੂੰ ਸੀਲ ਕਰ ਦਿੱਤਾ ਗਿਆ। ਕਿਲਾ ਸਥਿਤ ਮੂਲ ਅਕਸ਼ੈਵਟ ਅਤੇ ਹਨੂੰਮਾਨ ਮੰਦਰ ‘ਚ ਵੀ ਇਸ ਦੌਰਾਨ ਆਮ ਸ਼ਰਧਾਲੂ ਦਰਸ਼ਨ-ਪੂਜਾ ਨਹੀਂ ਕਰ ਸਕਣਗੇ।