ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਲਿਆ ਹਿੱਸਾ
ਚੰਡੀਗੜ੍ਹ– ਪੰਜਾਬ ਵਿਧਾਨ ਸਭਾ ‘ਚ ਅੱਜ ਵਿਧਾਇਕ ਸੋਮ ਪ੍ਰਕਾਸ਼ ਵੱਲੋਂ ਵਹਿਮਾਂ ਭਰਮਾਂ ਦੇ ਮੁੱਦੇ ‘ਤੇ ਲਿਆਂਦੇ ਗੈਰ ਸਰਕਾਰੀ ਮਤੇ ‘ਤੇ ‘ਆਪ’ ਵਿਧਾਇਕ ਮੀਤ ਹੇਅਰ ਅਤੇ ਸਰਬਜੀਤ ਕੌਰ ਮਾਣੂੰਕੇ ਨੇ ਹਿੱਸਾ ਲਿਆ। ਦੋਵੇਂ ਵਿਧਾਇਕਾਂ ਨੇ ਵਹਿਮਾਂ ਭਰਮਾਂ ਦੇ ਅੰਤ ਲਈ ਸਮੁੱਚੇ ਸਮਾਜ ਦੀ ਪੜਾਈ ਅਤੇ ਜਾਗਰੂਕਤਾ ਨੂੰ ਇੱਕੋ ਕਿ ਹੱਲ ਦੱਸਿਆ।
ਮੀਤ ਹੇਅਰ ਨੇ ਕਿਹਾ ਕਿ ਜਿਸ ਵੀ ਰਾਜ ਜਾਂ ਦੇਸ਼ ‘ਚ ਅਨਪੜ੍ਹਤਾ ਭਾਰੂ ਹੋਵੇਗੀ, ਉੱਥੇ ਹੀ ਵਹਿਮ-ਭਰਮ ਹੋਣਗੇ। ਦੁਨੀਆ ਦੇ ਜਿਹੜੇ ਵਿਕਸ ਦੇਸ਼ ਤਰੱਕੀਆਂ ਕਰ ਚੁੱਕੇ ਹਨ ਉੱਥੇ ਅਨਪੜ੍ਹਤਾ ਨਹੀਂ ਹੈ। ਉਨ੍ਹਾਂ ਅਨਪੜ੍ਹਤਾ ਨੂੰ ਸਭ ਤੋਂ ਪਹਿਲਾਂ ਦੂਰ ਕੀਤਾ। ਸਾਡੇ ਸੂਬੇ ਅਤੇ ਦੇਸ਼ ‘ਚ ਅਨਪੜ੍ਹਤਾ ਕਾਰਨ ਅੰਧ ਵਿਸ਼ਵਾਸ ਭਾਰੂ ਹਨ। ਬਿੱਲੀ ਰਸਤਾ ਕੱਟ ਜਾਵੇ ਤਾਂ ਰੁਕ ਜਾਂਦੇ ਹਾਂ, ਕਿਉਂਕਿ ਸਾਡੇ ਪੰਜਾਬ ‘ਚ ਸਿੱਖਿਆ ਦਾ ਹਾਲ ਬਿਲਕੁਲ ਨਿੱਘਰ ਚੁੱਕਿਆ ਹੈ। ਸੋਸ਼ਲ ਇਕਨਾਮਿਕ ਸਰਵੇ ਦਾ ਹਵਾਲਾ ਦਿੰਦੇ ਹੋਏ ਮੀਤ ਹੇਅਰ ਨੇ ਦੱਸਿਆ ਕਿ ਪੰਜਾਬ ‘ਚ 32 ਪ੍ਰਤੀਸ਼ਤ ਲੋਕ ਪੂਰੇ ਅਨਪੜ੍ਹ, 9 ਪ੍ਰਤੀਸ਼ਤ ਪੰਜਵੀਂ ਤੋਂ ਘੱਟ, 17 ਪ੍ਰਤੀਸ਼ਤ ਪੰਜਵੀਂ ਪਾਸ ਅਤੇ ਗਰੈਜੂਏਟ (ਬੀਏ) ਸਿਰਫ਼ 3 ਪ੍ਰਤੀਸ਼ਤ ਹਨ। ਇਹੋ ਅੰਧ ਵਿਸ਼ਵਾਸ ਦਾ ਕਾਰਨ ਹੈ, ਇਸ ਲਈ ਅੰਧ ਵਿਸ਼ਵਾਸ ਦੇ ਅੰਤ ਲਈ ਮਤੇ ਪਾਸ ਕਰਨ ਦੀ ਥਾਂ ਸਕੂਲ ਅਤੇ ਉੱਚ ਸਿੱਖਿਆ ‘ਤੇ ਜ਼ੋਰ ਦਿੱਤਾ ਜਾਵੇ ਅਤੇ ਕੈਪਟਨ ਸਰਕਾਰ ਆਪਣਾ ਚੋਣ ਮੈਨੀਫੈਸਟੋ ਨੂੰ ਅਮਲੀ ਰੂਪ ‘ਚ ਲਾਗੂ ਕਰੇ।
90 ਪ੍ਰਤੀਸ਼ਤ ਮਹਿਲਾਵਾਂ ਹਨ ਵਹਿਮਾਂ-ਭਰਮਾਂ ਦਾ ਸ਼ਿਕਾਰ-ਮਾਣੂੰਕੇ
ਵਹਿਮਾਂ-ਭਰਮਾਂ ਦੇ ਮੁੱਦੇ ‘ਤੇ ਬੋਲਦੇ ਹੋਏ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ 90 ਪ੍ਰਤੀਸ਼ਤ ਮਹਿਲਾਵਾਂ ਵਹਿਮਾਂ-ਭਰਮਾਂ ਦਾ ਸ਼ਿਕਾਰ ਹਨ। ਪੜ੍ਹੇ ਲਿਖੇ ਤੇ ਜਾਗਰੂਕ ਦੇਸ਼ਾਂ ‘ਚ ਲੋਕ ਮਨੋਵਿਗਿਆਨਿਕ ਅਤੇ ਡਾਕਟਰਾਂ ਕੋਲ ਜਾਂਦੇ ਹਨ, ਜਦੋਂਕਿ ਸਾਡੇ ਇੱਥੇ ਧਾਗੇ-ਤਵੀਤਾਂ ਅਤੇ ‘ਬਾਬਿਆਂ ਦੇ ਡੇਰੇ ‘ਤੇ ਜਾਂਦੀਆਂ ਹਨ। ਨਤੀਜੇ ਵਜੋਂ ਅੱਜ ਦੇਸ਼ ਦੀਆਂ 60 ਤੋਂ 70 ਪ੍ਰਤੀਸ਼ਤ ਲੜਕੀਆਂ ਅਤੇ ਮਹਿਲਾਵਾਂ ਮਾਸਿਕ ਧਰਮ ਕਾਰਨ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਪੀੜਤ ਹਨ।
ਮਾਣੂੰਕੇ ਨੇ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਸਰਕਾਰ ਨੇ ਪੈਡ ਵੈਡਿੰਗ ਮਸ਼ੀਨਾਂ ਦੇ ਪ੍ਰੋਜੈਕਟ ‘ਤੇ ਧਿਆਨ ਨਹੀਂ ਦਿੱਤਾ। 6ਵੀਂ, 12ਵੀਂ ਕਲਾਸ ਤੱਕ ਦੀਆਂ ਬੱਚੀਆਂ ਲਈ ਬਜਟ ‘ਚ 24 ਕਰੋੜ ਰੱਖੇ ਗਏ ਹਨ ਪਰ ਬਜਟ ‘ਚ ਪਾਸ ਨਹੀਂ ਕੀਤੇ ਗਏ।
ਮਾਣੂੰਕੇ ਨੇ ਸਕੂਲਾਂ ‘ਚ ਪੜ੍ਹਦੀਆਂ ਬੱਚੀਆਂ ਦੀ ਤ੍ਰਾਸਦੀ ਦੱਸਦੇ ਹੋਏ ਕਿਹਾ ਕਿ ਜੇਕਰ ਕਿਸੇ ਬੱਚੀ ਨੂੰ ਮਾਹਵਾਰੀ ਦੀ ਸਕੂਲ ਸਮੇਂ ਨੂੰਚ ਸਮੱਸਿਆ ਆ ਜਾਵੇ ਤਾਂ ਉੱਥੇ ਨਾ ਪੈਡਜ ਦਾ ਪ੍ਰਬੰਧ ਹੈ ਅਤੇ ਨਾ ਹੀ ਸਾਫ਼ ਸੁਥਰੇ ਬਾਥਰੂਮ ਅਤੇ ਪਾਣੀ ਦਾ ਪ੍ਰਬੰਧ ਹੈ।
ਮਾਣੂੰਕੇ ਨੇ ਕਿਹਾ ਕਿ ਪੰਜਾਬ ਦੀ 73 ਪ੍ਰਤੀਸ਼ਤ ਆਬਾਦੀ ਦੀ ਮਾਸਿਕ ਆਮਦਨ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ ਅਤੇ ਅਜਿਹੇ ਪਰਿਵਾਰ ਬਾਜ਼ਾਰ ਦੇ ਮਹਿੰਗੇ ਸੈਨੇਟਰੀ ਪੈਡ ਨਹੀਂ ਖ਼ਰੀਦ ਸਕਦੇ। ਮਜਬੂਰੀ ਵਜੋਂ ਗੰਦੇ ਕੱਪੜਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਲੜਕੀਆਂ ਅਤੇ ਔਰਤਾਂ ਸਰਵਾਈਕਲ, ਕੈਂਸਰ ਸਮੇਤ ਹੋਰ ਬਿਮਾਰੀਆਂ ਦਾ ਸ਼ਿਕਾਰ ਹੁੰਦੀਆਂ ਹਨ।
ਉਨ੍ਹਾਂ ਦੱਸਿਆ ਕਿ ‘ਈਕੋਸੀ-ਰੇਵੇਲਿਊਸ਼ਨ’ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਇਸ ਖੇਤਰ ਲਈ ਸ਼ਾਨਦਾਰ ਕੰਮ ਕਰ ਰਹੀਆਂ ਹਨ, ਜਿਸ ਨੂੰ ‘ਆਪ’ ਦਾ ਵੀ ਸਮਰਥਨ ਹੈ, ਪਰੰਤੂ ਸਰਕਾਰ ਨੂੰ ਅੱਗੇ ਆਉਣਾ ਪਵੇਗਾ।