ਲੁਧਿਆਣਾ : ਲੋਕ ਸਭਾ ਚੋਣਾਂ ਦਾ ਬਿਗੁਲ ਵੱਜਣ ਤੋਂ ਬਾਅਦ ਬਾਕੀ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕਰਨ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਨੂੰ ਲੁਧਿਆਣਾ ‘ਚ ਕੋਈ ਚਿਹਰਾ ਨਹੀਂ ਮਿਲ ਰਿਹਾ ਹੈ, ਜਿਸ ਦੇ ਤਹਿਤ ਪੈਰਾਸ਼ੂਟ ਉਮੀਦਵਾਰ ਉਤਾਰਨ ਦੀ ਤਿਆਰੀ ਸ਼ੁਰੂ ਹੋ ਗਈ ਹੈ। ਇਸ ਵਿਚ ਮੁੱਖ ਰੂਪ ਨਾਲ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦੇ ਨਾਂ ‘ਤੇ ਚਰਚਾ ਕੀਤੀ ਜਾ ਰਹੀ ਹੈ।
ਹਾਲਾਂਕਿ ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਦੋ ਜੱਟ ਉਮੀਦਵਾਰਾਂ ਭੋਲਾ ਗਰੇਵਾਲ ਤੇ ਅਹਬਾਬ ਗਰੇਵਾਲ ਨੂੰ ਟਿਕਟ ਲਈ ਪੇਸ਼ਕਸ਼ ਕਰਨ ਦੀ ਵੀ ਸੂਚਨਾ ਹੈ ਪਰ ਇਨ੍ਹਾਂ ਦੋਵਾਂ ਨੇ ਇਨਕਾਰ ਕਰ ਦਿੱਤਾ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦੂਜੇ ਬਦਲਾਂ ‘ਤੇ ਵਿਚਾਰ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਵਲੋਂ ਜੱਟ ਭਾਈਚਾਰੇ ‘ਚੋਂ ਹੀ ਉਤਾਰਨ ਦੀ ਸੰਭਾਵਨਾ ਹੈ, ਜਿਸ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਹਿੰਦੂ ਚਿਹਰਾ ਉਤਾਰਨ ਦੀ ਯੋਜਨਾ ਬਣਾਈ ਗਈ ਹੈ, ਜਿਸ ਵਿਚ ਵਿਧਾਨ ਸਭਾ ਚੋਣਾਂ ‘ਚ ਟਿਕਟ ਲਈ ਲਾਈਨ ਲਾ ਕੇ ਖੜ੍ਹੇ ਰਹੇ ਲੋਕਾਂ ਨੇ ਹਾਮੀ ਨਹੀਂ ਭਰੀ ਤਾਂ ਪੈਰਾਸ਼ੂਟ ਉਮੀਦਵਾਰ ਦਾ ਹੀ ਬਦਲ ਬਚਿਆ ਹੈ, ਜਿਸ ਵਿਚ ਅਮਨ ਅਰੋੜਾ ਦਾ ਨਾਂ ਹੀ ਸੁਣਨ ਨੂੰ ਮਿਲ ਰਿਹਾ ਹੈ।