ਬੀਤਿਆ ਵਰ੍ਹਾ ਆਲੀਆ ਭੱਟ ਲਈ ਬੇਹੱਦ ਸ਼ਾਨਦਾਰ ਰਿਹਾ। ਉਸ ਦੀ ਫ਼ਿਲਮ ਰਾਜ਼ੀ ਨੂੰ ਦਰਸ਼ਕਾਂ ਅਤੇ ਆਲੋਚਕਾਂ ਦਾ ਭਰਵਾਂ ਹੁੰਗਾਰ ਮਿਲਿਆ ਤੇ ਆਲੀਆ ਦੇ ਅਭਿਨੈ ਦੀ ਵੀ ਜੰਮ ਕੇ ਤਾਰੀਫ਼ ਹੋਈ। ਖ਼ਬਰ ਮਿਲੀ ਹੈ ਕਿ ਇਸ ਫ਼ਿਲਮ ਦਾ ਸੀਕੁਅਲ ਜਲਦੀ ਬਣ ਰਿਹਾ ਹੈ। ਫ਼ਿਲਮ ਰਾਜ਼ੀ ਦੀ ਕਹਾਣੀ ਹਰਿੰਦਰ ਸਿੱਕਾ ਦੀ ਕਿਤਾਬ ਕਾਲਿੰਗ ਸਹਿਮਤ ‘ਤੇ ਆਧਾਰਿਤ ਸੀ। ਹਰਿੰਦਰ ਸਿੱਕਾ ਹੁਣ ਇਸ ਕਿਤਾਬ ਦੇ ਦੂਜੇ ਭਾਗ ਦੀ ਤਿਆਰੀ ਕਰ ਰਿਹਾ ਹੈ। ਇੱਕ ਇੰਟਰਵਿਊ ਦੌਰਾਨ ਸਿੱਕਾ ਨੇ ਦੱਸਿਆ ਕਿ ਉਹ ਕਿਤਾਬ ਦਾ ਦੂਜਾ ਭਾਗ ਲਿਖ ਰਿਹਾ ਹੈ ਜਿਸ ‘ਤੇ ਫ਼ਿਲਮ ਦਾ ਸੀਕੁਅਲ ਬਣਾਇਆ ਜਾ ਸਕਦਾ ਹੈ।
ਉਸ ਨੇ ਕਿਹਾ ਕਿ ਭਾਰਤ ਵਲੋਂ ਇੱਕ ਸਿਪਾਹੀ ਏਜੰਟ ਦੇ ਤੌਰ ‘ਤੇ ਪਾਕਿਸਤਾਨ ਭੇਜੀ ਗਈ ਸੀ। ਇਸ ਕਸ਼ਮੀਰੀ ਕੁੜੀ ਦੇ ਜੀਵਨ ਦੇ ਕਈ ਹੋਰ ਪਹਿਲੂ ਹਨ ਜਿਨ੍ਹਾਂ ‘ਤੇ ਫ਼ਿਲਮ ਬਣ ਸਕਦੀ ਹੈ। ਉਸ ਨੇ ਕਿਹਾ ਕਿ ਮੈਂ ਸਾਲ 2008 ‘ਚ ਕਾਲਿੰਗ ਸਹਿਮਤ ਲਿਖੀ ਸੀ। ਇਨ੍ਹਾਂ 10 ਸਾਲਾਂ ਦੌਰਾਨ ਮੈਂ ਜਾਣਿਆ ਹੈ ਕਿ ਉਹ ਡਿਪ੍ਰੈਸ਼ਨ ‘ਚ ਚਲੇ ਗਈ ਸੀ ਅਤੇ ਕਿਸ ਤਰ੍ਹਾਂ ਉਸ ਨੇ ਇਸ ਤੋਂ ਬਾਹਰ ਆਉਣ ਦੀ ਕੋਸ਼ਿਸ ਕੀਤੀ। ਇਹ ਕਹਾਣੀ ਉਸੇ ਵਕਤ ‘ਤੇ ਆਧਾਰਿਤ ਹੋਵੇਗੀ। ਜ਼ਿਕਰਯੋਗ ਹੈ ਕਿ ਫ਼ਿਲਮ ਰਾਜ਼ੀ ਨੇ ਪਰਦੇ ‘ਤੇ 100 ਕਰੋੜ ਤੋਂ ਜ਼ਿਆਦਾ ਕਮਾਈ ਕੀਤੀ ਹੈ।