ਨੇਹਾ ਧੂਪੀਆ ਦਾ ਕਹਿਣਾ ਹੈ ਕਿ ਉਸ ਨੇ ਸਿਨੇਮਾ ਤੋਂ ਕਦੇ ਬ੍ਰੇਕ ਨਹੀਂ ਲਈ। ਨੇਹਾ ਨੇ ਬਤੌਰ ਮੌਡਲ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਨੇਹਾ ਨੇ ਫ਼ਿਲਮਾਂ ‘ਚ ਵਧੀਆ ਕੰਮ ਕੀਤਾ ਅਤੇ ਹੁਣ ਰੇਡੀਓ ਪ੍ਰੋਗਰਾਮ ਕਰ ਰਹੀ ਹੈ। ਪਿਛਲੇ ਸਾਲ ਇੱਕ ਬੇਟੀ ਦੀ ਮਾਂ ਬਣ ਚੁੱਕੀ ਨੇਹਾ ਦਾ ਕਹਿਣਾ ਹੈ ਕਿ ਉਸ ਨੇ ਕਦੇ ਸਿਨੇਮਾ ਤੋਂ ਬ੍ਰੇਕ ਨਹੀਂ ਲਈ।
ਜ਼ਿਕਰਯੋਗ ਹੈ ਕਿ ਪਿਛਲੇ ਕਾਫ਼ੀ ਸਮੇਂ ਤੋਂ ਨੇਹਾ ਨੇ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਨੇਹਾ ਨੇ ਇਸ ਬਾਰੇ ਕਿਹਾ, ”ਮੈਨੂੰ ਨਹੀਂ ਲਗਦਾ ਕਿ ਮੈਂ ਕਦੇ ਸਿਨੇਮਾ ਤੋਂ ਬ੍ਰੇਕ ਲਿਆ ਹੈ। ਹਾਂ ਵਿੱਚ-ਵਿੱਚ ਮੈਂ ਵੱਖਰੇ ਤਰ੍ਹਾਂ ਦਾ ਸਿਨੇਮਾ ਜ਼ਰੂਰ ਕੀਤਾ। ਜਦੋਂ ਮੈਂ ਕਰੀਅਰ ਸ਼ੁਰੂ ਕੀਤਾ ਸੀ, ਓਦੋਂ ਹਰ ਸਾਲ ਮੇਰੀਆਂ 2-3 ਫ਼ਿਲਮਾਂ ਰਿਲੀਜ਼ ਹੁੰਦੀਆਂ ਸਨ, ਪਰ ਪ੍ਰੈਗਨੈਂਸੀ ਦੌਰਾਨ ਮੈਂ ਕੰਮ ਤੋਂ ਜ਼ਰੂਰ ਬ੍ਰੇਕ ਲਈ ਸੀ। ਹੁਣ ਮੇਰੀ ਬੇਟੀ ਦੋ ਮਹੀਨੇ ਦੀ ਹੋ ਗਈ ਹੈ ਜਿਸ ਕਾਰਨ ਮੈਨੂੰ ਉਸ ਲਈ ਵੀ ਵਕਤ ਚਾਹੀਦਾ ਹੈ।”
ਨੇਹਾ ਨੇ ਅੱਗੇ ਕਿਹਾ, ”ਮੇਰਾ ਕੰਮ ਹੁਣ ਕਾਫ਼ੀ ਵਧਿਆ ਹੈ। ਫ਼ਿਲਹਾਲ ਮੇਰੇ ਲਈ ਮੇਰੀ ਬੇਟੀ ਮਿਹਰ ਇੱਕ ਪਾਸੇ ਅਤੇ ਬਾਕੀ ਸਭ ਕੁੱਝ ਇੱਕ ਪਾਸੇ ਹੈ। ਮੇਰੇ ਰੁਝੇਵੇਂ ਵਧੇ ਹਨ। ਮੇਰੀ ਸਿਹਤ ਠੀਕ ਹੈ ਅਤੇ ਮੈਂ ਕੁੱਝ ਘੰਟੇ ਕੰਮ ਲਈ ਕੱਢ ਰਹੀ ਹਾਂ ਤੇ ਵਿੱਚ-ਵਿੱਚ ਆਪਣੀ ਬੇਟੀ ਨੂੰ ਵੀ ਸੰਭਾਲਦੀ ਹਾਂ। ਮੇਰਾ ਖ਼ਾਲੀ ਸਮਾਂ ਉਸ ਦੇ ਨਾਲ ਹੀ ਬੀਤਦਾ ਹੈ। ਕੰਮ ਕਰਨ ਦੇ ਨਾਲ-ਨਾਲ ਮਿਹਰ ਨੂੰ ਸੰਭਾਲਣਾ ਕਾਫ਼ੀ ਮੁਸ਼ਕਿਲ ਹੈ, ਪਰ ਜਦੋਂ ਦਿਨ ਖ਼ਤਮ ਹੁੰਦਾ ਹੈ ਤਾਂ ਉਸ ਦੇ ਚਿਹਰੇ ਦੀ ਮੁਸਕੁਰਾਹਟ ਵੇਖ ਕੇ ਮੈਨੂੰ ਖ਼ੁਸ਼ੀ ਤੇ ਸਕੂਨ ਮਿਲਦਾ ਹੈ।”