ਲੁਸਾਨ – ਭਾਰਤ ਸਮੇਤ ਛੇ ਦੇਸ਼ਾਂ ਨੇ ਅਗਲੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਕੌਮਾਂਤਰੀ ਹਾਕੀ ਮਹਾਸੰਘ ਨੇ ਇਸ ਦੀ ਜਾਣਕਾਰੀ ਦਿੱਤੀ। ਭਾਰਤ ਨੇ 13 ਤੋਂ 29 ਜਨਵਰੀ 2023 ਤਕ ਮਹਿਲਾ ਜਾਂ ਪੁਰਸ਼ ਕੱਪ ਦੀ ਮੇਜ਼ਬਾਨੀ ਦਾ ਦਾਅਵਾ ਕੀਤਾ ਹੈ। ਆਸਟਰੇਲੀਆ ਅਤੇ ਨਿਊ ਜ਼ੀਲੈਂਡ ਨੇ ਵੀ ਇਸੇ ਵਿੰਡੋ ਨੂੰ ਚੁਣਿਆ ਹੈ। ਭਾਰਤ ਤਿੰਨ ਵਾਰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਚੁੱਕਾ ਹੈ ਜਿਸ ਵਿੱਚ ਆਖਰੀ ਵਾਰ ਭੁਵਨੇਸ਼ਵਰ ਵਿੱਚ ਪਿਛਲੇ ਸਾਲ ਵਿਸ਼ਵ ਕੱਪ ਹੋਇਆ ਸੀ। ਸਪੇਨ, ਮਲੇਸ਼ੀਆ ਅਤੇ ਜਰਮਨੀ ਨੇ 1 ਤੋਂ 17 ਜੁਲਾਈ 2022 ਦਾ ਵਿੰਡੋ ਚੁਣਿਆ ਹੈ।
FHI ਨੇ ਇੱਕ ਬਿਆਨ ‘ਚ ਕਿਹਾ, ”ਬੋਲੀ ਲਾਉਣ ਵਾਲੇ ਦੇਸ਼ਾਂ ਨੇ 31 ਜਨਵਰੀ 2019 ਤਕ ਆਪਣੀ ਦਾਅਵੇਦਾਰੀ ਪੇਸ਼ ਕਰਨੀ ਸੀ। ਉਸ ਨੂੰ ਦੋ ਵਿੰਡੋਜ਼ 1 ਤੋਂ 17 ਜੁਲਾਈ 2022 ਅਤੇ 13 ਤੋਂ 29 ਜਨਵਰੀ 2023 ਦੀਆਂ ਦਿੱਤੀਆਂ ਗਈਆਂ ਸਨ। FHI ਦਾ ਕਾਰਜਕਾਰੀ ਬੋਰਡ ਇਸ ਸਾਲ ਜੂਨ ਵਿੱਚ ਆਖ਼ਰੀ ਫ਼ੈਸਲਾ ਲਏਗਾ। CEO ਥਿਅਰੀ ਵੇਲ ਨੇ ਕਿਹਾ ਕਿ FHI ਨੂੰ ਖ਼ੁਸ਼ੀ ਹੈ ਕਿ ਇੰਨੀਆਂ ਮਜ਼ਬੂਤ ਬੋਲੀਆਂ ਲੱਗੀਆਂ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਸਾਡੇ ਟੂਰਨਾਮੈਂਟ ਕਿੰਨੇ ਪ੍ਰਸਿੱਧ ਹਨ।