ਅੰਮ੍ਰਿਤਸਰ : ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵਲੋਂ ਅੱਜ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ ‘ਤੇ ਨਿਸ਼ਾਨਾਂ ਵਿਨ੍ਹਦਿਆਂ ਕਿਹਾ ਕੈਪਟਨ ਦੀ ਸਰਕਾਰ ਝੂਠੀ ਹੈ ਤੇ ਬਜਟ ਦੇ ਰੂਪ ‘ਚ ਝੂਠ ਦਾ ਪਟਾਰਾ ਖੁੱਲ੍ਹੇਗਾ। ਉਨ੍ਹਾਂ ਨੇ ਤੇਲ ਦੀਆਂ ਵਧੀਆਂ ਕੀਮਤਾਂ ਦੇ ਮਾਮਲੇ ‘ਚ ਵੀ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਤੇਲ ਦੀਆਂ ਵਧੀਆਂ ਕੀਮਤਾਂ ਦੇ ਪੈਸੇ ਕਾਂਗਰਸੀਆਂ ਦੀਆਂ ਜੇਬਾਂ ‘ਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਤਾਂ ਆਪਣੇ ਮਹਿਲ ‘ਚੋਂ ਬਾਹਰ ਨਹੀਂ ਨਿਕਲਦੇ ਤਾਂ ਫਿਰ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਿਵੇਂ ਕਰਨਗੇ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਤਾਂ ਜੁਮਲੇਬਾਜ਼ ਮੰਤਰੀ ਹੈ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਛੱਡ ਕੇ ਕਾਮੇਡੀ ਸ਼ੋਅ ‘ਚ ਠਹਾਕੇ ਲਗਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਨੇ ਲੋਕ ਸਭਾ ਚੋਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 3 ਸੀਟਾਂ ‘ਤੇ ਬੀਜੇਪੀ ਲੜੇਗੀ ਤੇ 10 ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਲੜੇਗਾ। ਇਸ ਨੂੰ ਲੈ ਕੇ ਵਰਕਰਾਂ ‘ਚ ਕਿਸੇ ਤਰ੍ਹਾਂ ਦਾ ਕੋਈ ਰੋਸ ਨਹੀਂ ਹੈ।