ਵੈਲਿੰਗਟਨ – ਭਾਰਤ ਦੇ ਸੀਨੀਅਰ ਬੱਲਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਉਭਰਦਾ ਖਿਡਾਰੀ ਵਿਕਟਕੀਪਰ ਰਿਸ਼ਭ ਪੰਤ ਮੈਚ ਦਾ ਪਾਸਾ ਫ਼ੌਰਨ ਪਲਟਣ ਦੀ ਸਮਰੱਥਾ ਕਾਰਨ ਭਾਰਤੀ ਟੀਮ ਲਈ ਕਾਫ਼ੀ ਲੋੜੀਂਦਾ ਬਣ ਗਿਆ ਹੈ। ਹਾਲ ਹੀ ‘ਚ ICC ਵਲੋਂ ਸਾਲ ਦੇ ਉਭਰਦੇ ਖਿਡਾਰੀ ਦਾ ਪੁਰਸਕਾਰ ਜਿੱਤਣ ਵਾਲੇ ਪੰਤ ਨੇ ਨਿਊ ਜ਼ੀਲੈਂਡ ਖ਼ਿਲਾਫ਼ ਸ਼ੁਰੂ ਹੋ ਚੁੱਕੀ T-20 ਸੀਰੀਜ਼ ਲਈ ਭਾਰਤੀ ਟੀਮ ਵਿੱਚ ਵਾਪਸੀ ਕੀਤੀ ਹੈ। ਉਸ ਨੂੰ ਮਹਿੰਦਰ ਸਿੰਘ ਧੋਨੀ ਦੇ ਉਤਰਾਧਿਕਾਰੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇੰਗਲੈਂਡ ਅਤੇ ਆਸਟਰੇਲੀਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਉਸ ਨੇ ਆਪਣੀ ਜ਼ਰੂਰਤ ਨੂੰ ਸਾਬਿਤ ਵੀ ਕੀਤਾ ਸੀ।
ਧਵਨ ਨੇ ਕਿਹਾ, ”ਉਹ ਕਾਫ਼ੀ ਹਮਲਾਵਰ ਬੱਲੇਬਾਜ਼ ਹੈ ਅਤੇ ਟੀਮ ਲਈ ਜ਼ਰੂਰੀ ਵੀ। ਉਹ ਕਿਸੇ ਵੀ ਮੌਕੇ ‘ਤੇ ਮੈਚ ਦਾ ਪਾਸਾ ਪਲਟ ਸਕਦੈ। ਉਮੀਦ ਹੈ ਕਿ ਇਸ ਮੌਕੇ ਦਾ ਉਹ ਚੰਗੀ ਤਰ੍ਹਾਂ ਫ਼ਾਇਦਾ ਚੁੱਕੇਗਾ।
”ਨਿਊ ਜ਼ੀਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਇਸ ਸੀਰੀਜ਼ ਦੇ ਜ਼ਰੀਏ ਉਹ ਦੌਰੇ ਦਾ ਜਿੱਤ ਦੇ ਨਾਲ ਅੰਤ ਕਰਨਾ ਚਾਹੇਗਾ ਅਤੇ ਆਸਟਰੇਲੀਆ ਖ਼ਿਲਾਫ਼ ਇਸ ਮਹੀਨੇ ਦੇ ਆਖ਼ਿਰ ਵਿੱਚ ਭਾਰਤ ਵਿੱਚ ਸ਼ੁਰੂ ਹੋ ਰਹੀ ਸੀਰੀਜ਼ ਵਿੱਚ ਵੀ ਲੈਅ ਜਾਰੀ ਰੱਖਣਾ ਚਾਹੇਗਾ।” ਸ਼ਿਖਰ ਨੇ ਕਿਹਾ ਕਿ ਮੌਜੂਦਾ ਖਿਡਾਰੀ ਵੀ ਇਨਸਾਨ ਹਨ ਅਤੇ ਉਨ੍ਹਾਂ ਦੇ ਸ਼ਰੀਰਾਂ ਨੂੰ ਆਰਾਮ ਦੀ ਜ਼ਰੂਰਤ ਹੁੰਦੀ ਹੈ। ਇਹ ਪੁੱਛਣ ‘ਤੇ ਕਿ ਮਈ ਤੋਂ ਜੁਲਾਈ ਤਕ ਇੰਗਲੈਂਡ ਵਿੱਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਪਹਿਲਾਂ T-20 ਸੀਰੀਜ਼ ਦਾ ਕੀ ਫ਼ਾਇਦਾ ਹੋਵੇਗਾ ਤਾਂ ਇਸ ‘ਤੇ ਧਵਨ ਨੇ ਕਿਹਾ, ”ਮੈਨੂੰ ਲਗਦਾ ਹੈ ਕਿ ਪੰਜ ਵਨ ਡੇ ਹੀ ਕਾਫ਼ੀ ਸਨ। ਫ਼ਿਰ ਵੀ ਇਹ ਚੰਗੀ ਗੱਲ ਹੈ ਕਿ ਆਖ਼ਿਰ ਵਿੱਚ ਅਸੀਂ T-20 ਖੇਡ ਰਹੇ ਹਾਂ। ਸਾਨੂੰ ਹੁਣ ਤਕ ਦੇ ਪ੍ਰਦਰਸ਼ਨ ‘ਤੇ ਕਾਫ਼ੀ ਖ਼ੁਸ਼ੀ ਹੈ।”