ਬੌਲੀਵੱਡ ਇੰਡਸਟਰੀ ਦਾ ਖਿਲਾੜੀ ਯਾਨੀ ਅਕਸ਼ੇ ਕੁਮਾਰ ਇੱਕ ਵਾਰ ਫ਼ਿਰ ਖਲਨਾਇਕ ਦਾ ਕਿਰਦਾਰ ਨਿਭਾ ਸਕਦਾ ਹੈ। ਸ਼ੰਕਰ ਦੇ ਨਿਰਦੇਸ਼ਨ ‘ਚ ਬਣੀ ਫ਼ਿਲਮ 2.0 ਵਿੱਚ ਅਕਸ਼ੇ ਕੁਮਾਰ ਨੇ ਰਜਨੀਕਾਂਤ ਦੇ ਉਲਟ ਨੈਗੇਟਿਵ ਕਿਰਦਾਰ ਨਿਭਾਇਆ ਸੀ। ਉਹ ਹੁਣ ਫ਼ਿਰ ਅਜਿਹਾ ਹੀ ਕਿਰਦਾਰ ਨਿਭਾਉਂਦਾ ਨਜ਼ਰ ਆਏਗਾ। ਸ਼ੰਕਰ ਆਪਣੀ ਸੁਪਰਹਿੱਟ ਫ਼ਿਲਮ ਇੰਡੀਅਨ ਦਾ ਸੀਕੁਅਲ ਬਣਾਉਣ ਜਾ ਰਿਹਾ ਹੈ। ਫ਼ਿਲਮ ‘ਚ ਕਮਲ ਹਸਨ ਦੀ ਮੁੱਖ ਭੂਮਿਕਾ ਹੋਵੇਗੀ। ਜਾਣਕਾਰੀ ਮਿਲੀ ਹੈ ਕਿ ਪਹਿਲਾਂ ਇਸ ਫ਼ਿਲਮ ਲਈ ਅਕਸ਼ੇ ਦੀ ਜਗ੍ਹਾ ਅਜੇ ਦੇਵਗਨ ਨਾਲ ਸੰਪਰਕ ਕੀਤਾ ਗਿਆ ਸੀ। ਫ਼ਿਲਮ ‘ਚ ਇਹ ਰੋਲ ਇੱਕ ਪੁਲਿਸ ਅਫ਼ਸਰ ਦਾ ਹੈ, ਪਰ ਕੁੱਝ ਕਾਰਨਾਂ ਕਰ ਕੇ ਅਜੇ ਇਸ ਫ਼ਿਲਮ ‘ਚ ਕੰਮ ਨਹੀਂ ਕਰੇਗਾ। ਫ਼ਿਲਮ 2.0 ਦੇ ਖ਼ਤਮ ਹੋਣ ਤਕ ਅਕਸ਼ੇ ਅਤੇ ਸ਼ੰਕਰ ਦੀ ਚੰਗੀ ਦੋਸਤੀ ਹੋ ਗਈ ਸੀ। ਇਸੇ ਦੌਰਾਨ ਹੁਣ ਦੋਵਾਂ ਨੇ ਮੁੜ ਇਕੱਠਿਆਂ ਕੰਮ ਕਰਨ ਦੀ ਗੱਲ ਕੀਤੀ ਸੀ। ਇਸ ਤਰ੍ਹਾਂ ਇਸ ਸਾਲ ਵੀ ਅਕਸ਼ੇ ਦੇ ਕਾਫ਼ੀ ਰੁੱਝੇ ਰਹਿਣ ਦੀ ਆਸ ਹੈ। ਉਸ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਣ ਲਈ ਤਿਆਰ ਹਨ ਜਿਨ੍ਹਾਂ ਵਿੱਚੋਂ ਦੋ ਫ਼ਿਲਮਾਂ ਕੇਸਰੀ ਅਤੇ ਹਾਊਸਫ਼ੁਲ 4 ਛੇਤੀ ਹੀ ਰਿਲੀਜ਼ ਹੋ ਜਾਣਗੀਆਂ। ਇਸ ਸਮੇਂ ਉਹ ਆਪਣੇ ਅਗਲੇ ਪ੍ਰੌਜੈਕਟਾਂ ‘ਚ ਰੁੱਝਾ ਹੋਇਆ ਹੈ ਜਿਨ੍ਹਾਂ ਵਿੱਚ ਗੁੱਡ ਨਿਊਜ਼, ਮਿਸ਼ਨ ਮੰਗਲ, ਸੂਰਯਾਵੰਸ਼ੀ ਅਤੇ ਹੇਰਾਫ਼ੇਰੀ 3 ਵਰਗੀਆਂ ਫ਼ਿਲਮਾਂ ਸ਼ਾਮਿਲ ਹਨ। ਇਸ ਸਮੇਂ ਅਕਸ਼ੇ ਗੁੱਡ ਨਿਊਜ਼ ਦੀ ਸ਼ੂਟਿੰਗ ‘ਚ ਰੁੱਝਾ ਹੈ। ਇਸ ਫ਼ਿਲਮ ਵਿੱਚ ਉਸ ਨਾਲ ਕਰੀਨਾ ਕਪੂਰ ਖ਼ਾਨ ਵੀ ਹੋਵੇਗੀ।