ਵੇਲਿੰਗਟਨ – ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਆਸਟਰੇਲੀਆ ਵਿਰੁੱਧ ਸਿਡਨੀ ਟੈੱਸਟ ਵਿੱਚ ਪੰਜ ਵਿਕਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਦੇਸ਼ੀ ਧਰਤੀ ‘ਤੇ ਤਜਰਬੇਕਾਰ ਆਰ. ਅਸ਼ਵਿਨ ਦੀ ਜਗ੍ਹਾ ਕੁਲਦੀਪ ਯਾਦਵ ਟੀਮ ਦਾ ਮੁੱਖ ਸਪਿਨਰ ਹੋਵੇਗਾ। ਸ਼ਾਸਤਰੀ ਨੇ ਇਹ ਸਾਫ਼ ਕੀਤਾ ਕਿ ਕੁਲਦੀਪ ਪਹਿਲਾਂ ਹੀ ਅਸ਼ਵਿਨ ਅਤੇ ਜਡੇਜਾ ਤੋਂ ਅੱਗੇ ਨਿਕਲ ਕੇ ਦੇਸ਼ ਦਾ ਨੰਬਰ ਇੱਕ ਸਪਿਨਰ ਬਣ ਚੁੱਕਾ ਹੈ। ਸ਼ਾਸਤਰੀ ਨੇ ਕਿਹਾ, ”ਉਹ ਪਹਿਲਾਂ ਹੀ ਵਿਦੇਸ਼ ਵਿੱਚ ਟੈੱਸਟ ਕ੍ਰਿਕਟ ਖੇਡ ਚੁੱਕਾ ਹੈ ਅਤੇ ਪੰਜ ਵਿਕਟਾਂ ਲੈ ਚੁੱਕਾ ਹੈ, ਅਜਿਹੇ ਵਿੱਚ ਉਹ ਸਾਡਾ ਮੁੱਖ ਸਪਿਨਰ ਹੋਵੇਗਾ।”

ਉਸ ਨੇ ਕਿਹਾ, ”ਹਰ ਕਿਸੇ ਦਾ ਸਮਾਂ ਹੁੰਦਾ ਹੈ (ਅਸ਼ਵਿਨ ਦੀ ਖ਼ਰਾਬ ਫ਼ੌਰਮ ਵੱਲ ਇਸ਼ਾਰਾ ਕਰਦੇ ਹੋਏ) ਪਰ ਕੁਲਦੀਪ ਵਿਦੇਸ਼ਾਂ ਵਿੱਚ ਸਾਡਾ ਚੋਟੀ ਦਾ ਸਪਿਨਰ ਹੋਵੇਗਾ।” ਕੁਲਦੀਪ ਨੇ ਮੀਂਹ ਪ੍ਰਭਾਵਿਤ ਇਸ ਮੈਚ ਵਿੱਚ ਪੰਜ ਵਿਕਟਾਂ ਲਈਆਂ ਅਤੇ ਜ਼ਿਆਦਾਤਰ ਆਸਟਰੇਲੀਆ ਦੇ ਬੱਲੇਬਾਜ਼ ਉਸ ਦੀਆਂ ਗੇਂਦਾਂ ਨੂੰ ਸਮਝਣ ਵਿੱਚ ਅਸਫ਼ਲ ਰਹੇ। ਸ਼ਾਸਤਰੀ ਨੇ ਕਿਹਾ, ”ਕੁਲਦੀਪ ਨੇ ਜਿਸ ਤਰ੍ਹਾਂ ਸਿਡਨੀ ਵਿੱਚ ਗੇਂਦਬਾਜ਼ੀ ਕੀਤੀ, ਉਸ ਤੋਂ ਮੈਂ ਕਾਫ਼ੀ ਪ੍ਰਭਾਵਿਤ ਹਾਂ। ਟੈੱਸਟ ਕ੍ਰਿਕਟ ਵਿੱਚ ਵੀ ਇਹ ਸਮਾਂ ਸਪਿਨਰਾਂ ਦਾ ਹੈ। ਉਸ ਦੀ ਸਿਡਨੀ ਦੀ ਗੇਂਦਬਾਜ਼ੀ ਤੋਂ ਇਹ ਸਾਫ਼ ਹੈ ਕਿ ਉਹ ਸਾਡਾ ਮੁੱਖ ਸਪਿਨਰ ਹੋਵੇਗਾ।”