ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵਿਸ਼ਵ ਪ੍ਰਸਿੱਧ ਵਿਰਾਸਤ ਤਾਜ ਮਹਿਲ ਦੀ ਸਾਂਭ-ਸੰਭਾਲ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਫਟਕਾਰਦੇ ਹੋਏ ਆਦੇਸ਼ ਦਿੱਤਾ ਹੈ ਕਿ ਇਸ ਦੀ ਸੁਰੱਖਿਆ ਲਈ ਗੰਭੀਰਤਾ ਨਾਲ ਕੰਮ ਕੀਤਾ ਜਾਵੇ। ਜਸਟਿਸ ਐੱਸ.ਏ. ਬੋਬੜੇ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਤਾਜ ਮਹਿਲ ਦੀ ਸਾਂਭ-ਸੰਭਾਲ ਨੂੰ ਲੈ ਕੇ ਉੱਤਰ ਪ੍ਰਦੇਸ਼ ਸਰਕਾਰ ਨੂੰ 4 ਹਫਤਿਆਂ ਦੇ ਅੰਦਰ ਨਵਾਂ ਦ੍ਰਿਸ਼ਟੀ ਪੱਤਰ ਸੌਂਪਣ ਲਈ ਕਿਹਾ ਹੈ, ਜਿਸ ‘ਚ ਵਿਰਾਸਤ ਦੀ ਸੁਰੱਖਿਆ ਲਈ ਚੁੱਕੇ ਜਾਣ ਵਾਲੇ ਕਦਮਾਂ ਦਾ ਜ਼ਿਕਰ ਹੋਵੇ। ਬੈਂਚ ਨੇ ਕਿਹਾ,”ਅਸੀਂ ਤਾਜ ਮਹਿਲ ਨੂੰ ਲੈ ਕੇ ਚਿੰਤਤ ਹਾਂ। ਅਸੀਂ ਵਿਸ਼ਵ ਦੇ 7 ਅਜੂਬਿਆਂ ‘ਚੋਂ ਇਕ ਤਾਜ ਮਹਿਲ ਦੀ ਉੱਚਿਤ ਸਾਂਭ-ਸੰਭਾਲ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਅਤੇ ਚਿੰਤਤ ਹਾਂ।”
ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਕਿਹਾ ਹੈ ਕਿ ਬਿਨਾਂ ਦ੍ਰਿਸ਼ਟੀ ਪੱਤਰ ਦੇ ਸਰਕਾਰ ਦੇ ਕਿਸੇ ਹੋਰ ਅਪੀਲ ‘ਤੇ ਸੁਣਵਾਈ ਨਹੀਂ ਕਰਨਗੇ। ਦ੍ਰਿਸ਼ਟੀਪੱਤਰ ਦੇ ਬਾਅਦ ਹੀ ਇਸ ਮਾਮਲੇ ਦੀ ਸੁਣਵਾਈ ਅੱਗੇ ਵਧੇਗੀ। ਬੈਂਚ ਨੇ ਸਰਕਾਰ ਤੋਂ ਪੁੱਛਿਆ ਕਿ ਆਗਰਾ ਨੂੰ ਵਿਰਾਸਤ ਸ਼ਹਿਰ ਐਲਾਨ ਕਰ ਸਕਦੇ ਹਨ ਜਾਂ ਨਹੀਂ। ਇਸ ਮਾਮਲੇ ‘ਤੇ ਸਰਕਾਰ ਨੂੰ 2 ਮਹੀਨਿਆਂ ਦੇ ਅੰਦਰ ਆਖਰੀ ਰਿਪੋਰਟ ਦਾਖਲ ਕਰਨ ਲਈ ਕਿਹਾ ਗਿਆ ਹੈ। ਭਾਰਤੀ ਪੁਰਾਤੱਵ ਸਰਵੇਖਣ ਨੇ ਦਸੰਬਰ ‘ਚ ਤਾਜ ਮਹਿਲ ‘ਤੇ ਆਪਣੀ ਰਿਪੋਰਟ ‘ਚ ਕਿਹਾ ਸੀ ਕਿ ਆਗਰਾ ‘ਚ ਪ੍ਰਦੂਸ਼ਣ ਕਾਰਨ ਵਿਸ਼ਵ ਵਿਰਾਸਤ ਦਾ ਰੰਗ ਬਦਲ ਰਿਹਾ ਹੈ। ਸੁਪਰੀਮ ਕੋਰਟ ਨੇ ਪਿਛਲੇ ਸਾਲ ਉੱਤਰ ਪ੍ਰਦੇਸ਼ ਤੋਂ ਤਾਜ ਮਹਿਲ ਨੂੰ ਸਦੀਆਂ ਤੱਕ ਸੁਰੱਖਿਅਤ ਰੱਖਣ ਲਈ ਦ੍ਰਿਸ਼ਟੀ ਪੱਤਰ ਸੌਂਪਣ ਦਾ ਆਦੇਸ਼ ਦਿੱਤਾ ਸੀ।