ਨਵੀਂ ਦਿੱਲੀ – ਧਾਕੜ ਔਫ਼ ਸਪਿਨਰ ਹਰਭਜਨ ਸਿੰਘ ਨੂੰ ਲੱਗਦਾ ਹੈ ਕਿ ਰਵਿੰਦਰ ਜਡੇਜਾ ਦੀ ਆਲਰਾਊਂਡਰ ਖੇਡ ਕਾਰਨ ਉਸ ਕੋਲ ਟੀਮ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਹੋਵੇਗਾ, ਪਰ ਸਿਰਫ਼ ਉਂਗਲੀ ਦੇ ਸਪਿਨਰ ਦੇ ਤੌਰ ‘ਤੇ ਟੀਮ ਵਿੱਚ ਟਿਕੇ ਰਹਿਣ ਲਈ ਉਸ ਨੂੰ ਸੁਧਾਰ ਕਰਨਾ ਪਵੇਗਾ।
ਰਿਸਟ (ਗੁੱਟ) ਸਪਿਨਰ ਕੁਲਦੀਪ ਯਾਦਵ ਅਤੇ ਯੁਜ਼ਵੇਂਦਰ ਚਾਹਲ ਪਿਛਲੇ 18 ਮਹੀਨਿਆਂ ਵਿੱਚ ਛੋਟੇ ਫ਼ੌਰਮੈਟ (ਵਨ ਡੇ ਅਤੇ T-20) ਵਿੱਚ ਭਾਰਤ ਦੇ ਚੋਟੀ ਦੇ ਸਪਿਨਰ ਬਣ ਗਏ ਹਨ ਜਦਕਿ ਜਡੇਜਾ ਅਤੇ ਅਸ਼ਵਿਨ ਲਈ ਟੀਮ ਵਿੱਚ ਜਗ੍ਹਾ ਬਣਾਉਣਾ ਮੁਸ਼ਕਿਲ ਹੋ ਗਿਆ ਹੈ। ਨਿਊ ਜ਼ੀਲੈਂਡ ਵਿਰੁੱਧ ਵਨ ਡੇ ਸੀਰੀਜ਼ ‘ਚ ਜਡੇਜਾ ਨੂੰ ਆਖ਼ਰੀ 11 ‘ਚ ਮੌਕਾ ਨਹੀਂ ਮਿਲਿਆ, ਪਰ ਭਾਰਤ ਲਈ ਤਿੰਨ ਵਨ ਡੇ ਵਿਸ਼ਵ ਕੱਪ ਟੂਰਨਾਮੈਂਟ ‘ਚ ਖੇਡਣ ਵਾਲੇ ਹਰਭਜਨ ਦਾ ਮੰਨਣਾ ਹੈ ਕਿ ਉਹ ਵਿਸ਼ਵ ਕੱਪ ਦੀ ਟੀਮ ‘ਚ ਜਗ੍ਹਾ ਬਣਾ ਸਕਦਾ ਹੈ।