ਕੀ ਤੁਹਾਨੂੰ ਕਿਸੇ ਹੋਰ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਆਪਣੇ ਬਾਰੇ ਕੁੱਝ ਬਦਲਣ ਦੀ ਲੋੜ ਹੈ? ਅਸੀਂ ਅਕਸਰ, ਪਤਾ ਨਹੀਂ ਕਿਉਂ, ਇਹ ਫ਼ਰਜ਼ ਕਰ ਲੈਂਦੇ ਹਾਂ ਕਿ ਦੂਸਰੇ ਸਾਡੇ ਵਿੱਚ ਕੋਈ ਤਬਦੀਲੀ ਦੇਖਣਾ ਚਾਹੁੰਦੇ ਹਨ। ਅਜਿਹੇ ਸਵੈ-ਸ਼ੰਕੇ ਅਤੇ ਖ਼ਿਆਲ ਓਦੋਂ ਹੋਰ ਵੀ ਬਲਵਾਨ ਹੋ ਜਾਂਦੇ ਹਨ ਜਦੋਂ ਸਾਡੇ ਪਿਆਰੇ ਸਾਡੇ ਬਾਰੇ ਟਿੱਪਣੀਆਂ ਕਰਦੇ ਹਨ! ਪਰ ਕੀ ਤੁਸੀਂ ਆਪਣੇ ਪਿਆਰਿਆਂ ਦਾ ਕੋਈ ਪੱਖ ਬਦਲਣਾ ਚਾਹੋਗੇ? ਦੂਸਰੇ ਨੂੰ ਬਦਲਣ ਦੀ ਉਮੀਦ, ਫ਼ਿਰ ਚਾਹੇ ਉਹ ਜਿੰਨੀ ਮਰਜ਼ੀ ਤੁੱਛ ਤਬਦੀਲੀ ਵੀ ਕਿਉਂ ਨਾ ਹੋਵੇ, ਵਿਅਰਥ ਦੀ ਕੋਸ਼ਿਸ਼ ਹੁੰਦੀ ਹੈ। ਦੂਸਰਿਆਂ ਨੂੰ ਉਂਝ ਹੀ ਸਵੀਕਾਰੋ ਜਿਵੇਂ ਦੇ ਉਹ ਹਨ, ਅਤੇ ਤੁਹਾਨੂੰ ਜਾਦੂਈ ਢੰਗ ਨਾਲ ਅਹਿਸਾਸ ਹੋਵੇਗਾ ਕਿ ਉਹ ਵੀ ਬਦਲੇ ਵਿੱਚ ਇੰਝ ਹੀ ਕਰ ਰਹੇ ਹਨ।
ਤੁਹਾਨੂੰ ਪਤੈ ਉਹ ਫ਼ਾਰਮ ਜਿਹੜੇ ਸਾਨੂੰ ਕਈ ਵਾਰ ਭਰਨੇ ਪੈਂਦੇ ਨੇ … ਜਿਨ੍ਹਾਂ ਵਿੱਚ ਸਾਨੂੰ ਉਹ ਪੁੱਛਦੇ ਨੇ ਕਿ ਸਾਡੇ ‘ਤੇ ਕਿੰਨੇ ਲੋਕ ਨਿਰਭਰ ਕਰਦੇ ਨੇ? ਉਸ ਬੌਕਸ ‘ਚ ਆਖ਼ਿਰ ਬੰਦਾ ਭਰੇ ਤਾਂ ਕੀ ਭਰੇ? ਉਹ ਇੰਨਾ ਵੱਡਾ ਤਾਂ ਹੁੰਦਾ ਨਹੀਂ ਕਿ ਤੁਸੀਂ ਉਸ ਵਿੱਚ ਉਨ੍ਹਾਂ ਸਾਰੇ ਬੰਦਿਆਂ ਦਾ ਹਿਸਾਬ ਦੇ ਸਕੋ ਜਿਨ੍ਹਾਂ ਦੀਆਂ ਜ਼ਿੰਦਗੀਆਂ ਤੁਹਾਡੀ ਸਹਾਇਤਾ ਦੇ ਬਿਨਾਂ ਜਾਂ ਉਸ ਦੀ ਅਣਹੋਂਦ ਦੇ ਅਹਿਸਾਸ ਮਾਤਰ ਨਾਲ ਹੀ ਖੇਰੂੰ ਖੇਰੂੰ ਹੋ ਜਾਣਗੀਆਂ। ਅਤੇ ਜਦੋਂ ਕਿ, ਇਹ ਠੀਕ ਹੈ, ਜੇ ਪਰਿਭਾਸ਼ਾ ਦੀ ਗੱਲ ਕਰੀਏ ਤਾਂ ਉੱਥੇ ਗੱਲ ਕਾਨੂੰਨੀ ਤੌਰ ‘ਤੇ ਨਿਰਭਰ ਵਿਅਕਤੀਆਂ ਦੀ ਹੀ ਹੋ ਰਹੀ ਹੈ, ਪਰ ਤੁਸੀਂ ਤਾਂ ਨੈਤਿਕਤਾ ਨੂੰ ਹਰ ਸ਼ੈਅ ਤੋਂ ਉੱਪਰ ਮੰਨਦੇ ਹੋ, ਕਾਨੂੰਨ ਤੋਂ ਵੀ! ਤੁਹਾਨੂੰ, ਦਰਅਸਲ, ਫ਼ਰਜ਼ ਅਤੇ ਪ੍ਰੇਰਨਾ ਵਿੱਚੋਂ ਇੱਕ ਦੀ ਚੋਣ ਕਰਨ ਨੂੰ ਕਿਹਾ ਜਾ ਰਿਹੈ। ਤੁਸੀਂ ਦੂਜੀ ਸ਼ੈਅ ਨੂੰ ਛੱਡ ਕੇ ਕਿਸੇ ਹੋਰ ਨੂੰ ਚੁਣਨ ਬਾਰੇ ਸੋਚ ਵੀ ਕਿਵੇਂ ਸਕਦੇ ਹੋ?
ਜਿਹੜੇ ਲੋਕਾਂ ਨੂੰ ਅਸੀਂ ਪਿਆਰ ਕਰਦੇ ਹਾਂ, ਉਹ ਬਦਲੇ ਵਿੱਚ ਸਾਨੂੰ ਪਿਆਰ ਕਿਉਂ ਕਰਦੇ ਹਨ? ਕੀ ਅਜਿਹਾ ਕਰਨ ਦੀ ਉਨ੍ਹਾਂ ਉੱਪਰ ਕੋਈ ਸਮਾਜਕ ਪਾਬੰਦੀ ਹੁੰਦੀ ਹੈ? ਕੀ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੁੰਦੈ ਕਿ ਜੇ ਉਨ੍ਹਾਂ ਨੇ ਕਿਸੇ ਖ਼ਾਸ ਭਾਵਨਾ ਦੇ ਬਦਲੇ ਵਿੱਚ ਆਪਣੀ ਕੋਈ ਇਜ਼ਹਾਰੇ ਭਾਵਨਾ ਨਾ ਕੀਤੀ ਤਾਂ ਕੋਈ ਸਥਿਤੀ ਬਹੁਤ ਜ਼ਿਆਦਾ ਤਨਾਅ ਵਾਲੀ ਬਣ ਜਾਊ? ਬਿਲਕੁਲ ਵੀ ਨਹੀਂ। ਉਹ ਜੋ ਮਹਿਸੂਸ ਕਰਦੇ ਹਨ, ਇਸ ਲਈ ਮਹਿਸੂਸ ਕਰਦੇ ਹਨ ਕਿਉਂਕਿ ਤੁਸੀਂ ਉਨ੍ਹਾਂ ਨੂੰ ਅਜਿਹਾ ਮਹਿਸੂਸ ਕਰਨ ਲਈ ਪ੍ਰੇਰਦੇ ਹੋ। ਤੁਹਾਡੇ ਵਿੱਚ ਦੂਸਰਿਆਂ ਦੇ ਮਨਾਂ ਅੰਦਰ ਆਪਣੇ ਲਈ ਆਦਰ, ਸਤਿਕਾਰ, ਪ੍ਰੇਮ ਅਤੇ ਪ੍ਰਸ਼ੰਸਾ ਦੀ ਭਾਵਨਾ ਜਗਾਉਣ ਦੀ ਗ਼ਜ਼ਬ ਦੀ ਕਾਬਲੀਅਤ ਹੈ। ਜਿੱਥੇ ਕਿਤੇ ਵੀ ਕੋਈ ਵਿਵਾਦ ਸੁਲਝਾਉਣ ਦੀ ਲੋੜ ਹੋਵੇ, ਆਪਣੀ ਸ਼ਖ਼ਸੀਅਤ ਦੇ ਆਕਰਸ਼ਣ ਦੀ ਇਸ ਜਾਦੂਈ ਸ਼ਕਤੀ ਨੂੰ ਚੇਤੇ ਰੱਖਿਓ ਅਤੇ ਉਸ ਦਾ ਖ਼ੂਬ ਚੰਗੀ ਤਰ੍ਹਾਂ ਇਸਤੇਮਾਲ ਵੀ ਕਰਿਓ!
ਕੁੱਝ ਲੋਕਾਂ ਨੂੰ ਮਿਲ ਕੇ ਇੰਝ ਲੱਗਦੈ ਜਿਵੇਂ ਉਨ੍ਹਾਂ ਦਾ ਦਿਮਾਗ਼ ਸਾਡੀਆਂ ਦਿਮਾਗ਼ੀ ਤਰੰਗਾਂ ਦੀ ਫ਼ਰੀਕਿਊਐਂਸੀ ‘ਤੇ ਹੀ ਚੱਲ ਰਿਹਾ ਹੋਵੇ ਜਦੋਂ ਕਿ ਦੂਜੇ ਹੋਰਾਂ ਨਾਲ, ਖ਼ਾਸ ਤੌਰ ‘ਤੇ ਜਿਸ ਤਰ੍ਹਾਂ ਦਾ ਸੰਵਾਦ ਸਾਨੂੰ ਉਨ੍ਹਾਂ ਨਾਲ ਕਰਨ ਨੂੰ ਮਿਲ ਰਿਹਾ ਹੁੰਦੈ, ਇੰਝ ਜਾਪਦੈ ਜਿਵੇਂ ਉਹ ਕਿਸੇ ਹੋਰ ਹੀ ਗ੍ਰਹਿ ਤੋਂ ਆਏ ਹੋਣ। ਆਖ਼ਿਰ ਅਜਿਹੇ ਲੋਕਾਂ ਨਾਲ ਗੱਲ ਕਰ ਕੇ ਵੀ ਕੀ ਫ਼ਾਇਦਾ ਜਿਨ੍ਹਾਂ ਨਾਲ ਸਾਨੂੰ ਪਤਾ ਹੋਵੇ ਕਿ ਗੱਲ ਕਿਸੇ ਸਿਰੇ ਨਹੀਂ ਲੱਗਣੀ? ਪਰ ਕਈ ਵਾਰ ਸਭ ਤੋਂ ਮਿੱਠੀ ਸੰਤੁਸ਼ਟੀ ਸਭ ਤੋਂ ਵੱਡੇ ਪਾੜੇ ਨੂੰ ਪੂਰਨ ਨਾਲ ਹੀ ਮਿਲਦੀ ਹੈ। ਜਿਹੜੀ ਸ਼ੈਅ ਕੰਮ ਕਰਦੀ ਹੋਵੇ, ਉਸ ਨਾਲ ਕੰਮ ਕਰਨਾ ਤਾਂ ਸੌਖਾ ਹੀ ਹੁੰਦੈ, ਪਰ ਉਸ ਨਾਲ ਕੰਮ ਕਰ ਕੇ ਦਿਖਾਉਣਾ ਜਿਸ ਨਾਲ ਕਰਨਾ ਨਾਮੁਮਕਿਨ ਲੱਗਦਾ ਹੋਵੇ … ਨਿਹਾਇਤ ਸੰਤੁਸ਼ਟੀਜਨਕ! ਜ਼ਿੰਦਗੀ ਵਿੱਚ ਉੱਠ ਰਹੀਆਂ ਚੁਣੌਤੀਆਂ ਸਾਹਮਣੇ ਡੱਟ ਕੇ ਖੜ੍ਹੇ ਹੋ ਜਾਓ, ਖ਼ੁਸ਼ਗਵਾਰ ਉੱਚਾਈਆਂ ਤੁਹਾਡਾ ਮੱਥਾ ਚੁੰਮਣਗੀਆਂ।
ਮਨੁੱਖਾਂ ਨੂੰ ਇਸ ਧਰਤੀ ‘ਤੇ ਇਸ ਲਈ ਨਹੀਂ ਸੀ ਭੇਜਿਆ ਗਿਆ ਕਿ ਉਹ ਇੱਥੇ ਬੈਠ ਕੇ ਇੱਕ ਦੂਸਰੇ ਨਾਲ ਸਹਿਮਤ ਹੋਣ। ਆਪਣੀ ਸੋਚ ਪ੍ਰਤੀ ਸੱਚੇ ਤੋਂ ਸੱਚੇ ਆਦਰਸ਼ਵਾਦੀ ਵੀ, ਜਿਹੜੇ ਧਰਤੀ ‘ਤੇ ਇੱਕ ਦਿਨ ਅਮਨ ਅਤੇ ਸ਼ਾਂਤੀ ਦਾ ਸੁਪਨਾ ਦੇਖਦੇ ਹਨ, ਇਹ ਮੰਨਣਗੇ ਕਿ ਇਹ ਸੰਸਾਰ ਉਸ ਦਿਨ ਬਿਲਕੁਲ ਨੀਰਸ ਅਤੇ ਬੋਰਿੰਗ ਹੋ ਜਾਵੇਗਾ ਜਿਸ ਦਿਨ ਅਸੀਂ ਸਾਰੇ ਇੱਕੋ ਨੁਕਤਾ-ਏ-ਨਜ਼ਰੀਏ ਤੋਂ ਇਸ ਨੂੰ ਦੇਖਣ ਲੱਗ ਪਏ। ਵਿਵਾਦਾਂ ਵਿੱਚ ਹੀ ਰੰਗਤ ਹੈ ਅਤੇ ਤਰਕ-ਵਿਤਰਕ ਵਿੱਚ ਜਾਦੂ। ਨਹੀਂ ਤਾਂ ਕੀ ਸੋਚਦੇ ਹੋ ਕਿ ਕਾਲਪਨਿਕ ਸਾਹਿਤ ਦੇ ਸਾਰੇ ਸ਼ਾਹਕਾਰ ਵਿਗਾੜ ਦੇ ਆਲੇ ਦੁਆਲੇ ਹੀ ਕਿਉਂ ਘੁੰਮਦੇ ਹਨ? ਵਾਪਰ ਰਹੀਆਂ ਘਟਨਾਵਾਂ ਤੁਹਾਨੂੰ ਤਨਾਅ ਨੂੰ ਘੱਟ ਕਰਨ ਅਤੇ ਸਪੱਸ਼ਟ, ਨਵੀਂ ਅਤੇ ਉਸਾਰੂ ਸਮਝ ‘ਤੇ ਅੱਪੜਨ ਦਾ ਮੌਕਾ ਪ੍ਰਦਾਨ ਕਰ ਰਹੀਆਂ ਹਨ। ਉਸ ਨੂੰ ਬੋਚੋ।