ਲੋਕ ਕਹਿੰਦੇ ਨੇ ਕਿ ਘਰ ਉੱਥੇ ਹੁੰਦੈ ਜਿੱਥੇ ਤੁਹਾਡਾ ਦਿਲ ਹੋਵੇ। ਖ਼ੈਰ, ਇਹ ਕਹਾਵਤ ਸੱਚ ਹੋ ਸਕਦੀ ਹੈ, ਪਰ ਇਨ੍ਹਾਂ ਸਾਰੀਆਂ ਅਖਾਣਾਂ, ਕਹਾਵਤਾਂ, ਇਨ੍ਹਾਂ ਸਾਰੇ ਮੁਹਾਵਰਿਆਂ ਨੂੰ ਟੈੱਸਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੁੰਦੈ ਇਨ੍ਹਾਂ ਵਿਚਲੇ ਲਫ਼ਜ਼ਾਂ ਦੀ ਤਰਤੀਬ ਨੂੰ ਉਲਟਾ ਕਰ ਕੇ ਦੇਖਣਾ ਕਿ ਉਹ ਫ਼ਿਰ ਵੀ ਸਹੀ ਢੁਕਦੇ ਨੇ ਜਾਂ ਨਹੀਂ। ਕੀ ਤੁਹਾਡਾ ਦਿਲ ਉੱਥੇ ਹੀ ਹੈ ਜਿੱਥੇ ਕਿਤੇ ਵੀ ਤੁਹਾਡਾ ਘਰ ਹੈ? ਹੋ ਸਕਦੈ ਕਿ ਬਿਲਕੁਲ ਇਹੋ ਸੂਰਤੇਹਾਲ ਹੋਵੇ। ਕੋਈ ਬਹੁਤ ਹੀ ਖ਼ਾਸ ਤੁਹਾਡੇ ਆਲੇ ਦੁਆਲੇ ਦੇ ਵਾਤਾਵਰਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਅਤੇ ਬਦਲਦੀਆਂ ਫ਼ਿਜ਼ਾਵਾਂ ਤੁਹਾਨੂੰ ਇਹ ਮੁੜ ਵਿਚਾਰਨ ਦਾ ਸੱਦਾ ਦੇ ਰਹੀਆਂ ਹਨ ਕਿ ਉਸ ਦੀ ਤੁਹਾਡੇ ਜੀਵਨ ਵਿੱਚ ਕੀ ਅਹਿਮੀਅਤ ਹੈ … ਅਤੇ ਇਹ ਵੀ ਕਿ ਸ਼ਾਇਦ ਤੁਹਾਨੂੰ ਉਸ ਪ੍ਰਤੀ ਆਪਣੀ ਕਦਰਦਾਨੀ ਵਿੱਚ ਵਧੇਰੇ ਨਿਸੰਗ ਹੋਣ ਦੀ ਲੋੜ ਹੈ।
ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਦਾ ਸਭ ਤੋਂ ਬਿਹਤਰ ਢੰਗ ਕੀ ਹੋ ਸਕਦੈ? ਇਸ ਲਈ ਕਿ ਕਿਸੇ ਕਿਸਮ ਦੇ ਵੀ ਸ਼ੱਕ ਦੀ ਗੁੰਜਾਇਸ਼ ਨਾ ਰਹੇ, ਮੈਨੂੰ ਇਹ ਸਪੱਸ਼ਟ ਕਰ ਦੇਣਾ ਚਾਹੀਦੈ ਕਿ ਇੱਥੇ ਮੇਰੀ ਮੁਰਾਦ ਹਰ ਕਿਸਮ ਦੇ ਰਿਸ਼ਤੇ ਤੋਂ ਹੈ ਨਾ ਕਿ ਸਿਰਫ਼ ਰੋਮੈਂਟਿਕ ਟਾਈਪ ਤੋਂ। ਪਰ ਜੇ ਅਸੀਂ ਸ਼੍ਰੁੇਣੀਆਂ ਨੂੰ ਮਨਫ਼ੀ ਕਰ ਵੀ ਦੇਈਏ ਤਾਂ ਵੀ ਜਵਾਬ ਤਾਂ ਇੱਕ ਹੀ ਹੋਣਾ ਚਾਹੀਦੈ। ਅਸੀਂ ਚੀਜ਼ਾਂ ਉਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਜਿਵੇਂ ਉਨ੍ਹਾਂ ਨੂੰ ਕੀਤਾ ਜਾਣਾ ਚਾਹੀਦੈ, ਅਸੀਂ ਉਹ ਕਰਨ ਲਈ ਆਜ਼ਾਦ ਮਹਿਸੂਸ ਕਰਨਾ ਚਾਹੁੰਦੇ ਹਾਂ ਜਿਸ ਨੂੰ ਕਰਨਾ ਸਾਨੂੰ ਕੁਦਰਤੀ, ਸਹਿਜ, ਸੱਚਾ ਅਤੇ ਸੁੱਚਾ ਲੱਗੇ। ਜੇਕਰ ਹਾਲੀਆ ਘਟਨਾਵਾਂ ਨੇ ਤੁਹਾਡੇ ਅੰਦਰ ਪਨਪ ਰਹੇ ਨਿੱਘ ਅਤੇ ਯਕੀਨ ਦੇ ਇਜ਼ਹਾਰਾਂ ਨੂੰ ਡੱਕਿਆ ਹੈ ਤਾਂ ਭਵਿੱਖ ਵਿੱਚ ਵਾਪਰਣ ਵਾਲੀਆਂ ਘਟਨਾਵਾਂ ਉਨ੍ਹਾਂ ਨੂੰ ਹੋਰ ਵੀ ਜ਼ਿਆਦਾ ਸੰਭਵ ਬਣਾ ਉਭਾਰ ਸਕਦੀਆਂ ਹਨ। ਬਸ ਆਪਣੇ ਮਨ ਦੀ ‘ਗੱਟ ਫ਼ੀਲਿੰਗ’ ਨੂੰ ਨਜ਼ਰਅੰਦਾਜ਼ ਨਾ ਕਰਿਆ ਜੇ!
ਕਹਿੰਦੇ ਨੇ, ਅਸੀਂ ਜਿੱਥੇ ਮਰਜ਼ੀ ਜਾ ਖਲੋਈਏ, ਕਦੇ ਵੀ ਆਪਣੇ ਪਰਛਾਵੇਂ ਤੋਂ ਪਿੱਛਾ ਨਹੀਂ ਛੁਡਾ ਸਕਦੇ। ਇਸ ਗੱਲ ਵਿੱਚ ਰੂਹਾਨੀ ਅਤੇ ਦੁਨਿਆਵੀ ਦੋਹੇਂ ਸੱਚਾਈਆਂ ਛੁੱਪੀਆਂ ਹੋਈਆਂ ਹਨ। ਕੁੱਝ ਚੀਜ਼ਾਂ ਤੋਂ ਦੌੜ ਪਾਉਣਾ ਨਾਮੁਮਕਿਨ ਹੁੰਦੈ। ਭੈੜੀ ਤੋਂ ਭੈੜੀ ਸਥਿਤੀ ਵਿੱਚ, ਅਸੀਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ। ਚੰਗੇ ਵੇਲਿਆਂ ਵਿੱਚ, ਅਸੀਂ ਉਨ੍ਹਾਂ ਦਾ ਬਹਾਦਰੀ ਨਾਲ ਸਾਹਮਣਾ ਕਰ ਸਕਦੇ ਹਾਂ, ਸੰਵੇਦਨਸ਼ੀਲਤਾ ਨਾਲ ਉਨ੍ਹਾਂ ਨਾਲ ਨਜਿੱਠ ਸਕਦੇ ਹਾਂ ਅਤੇ ਉਨ੍ਹਾਂ ਤੋਂ ਸਿੱਖਣ ਲਈ ਹਮੇਸ਼ਾ ਤਿਆਰ ਰਹਿ ਕੇ ਆਪਣਾ ਜੀਵਨ ਸੁਧਾਰ ਸਕਦੇ ਹਾਂ। ਇੱਕ ਸ਼ੈਅ ਜਿਸ ਬਾਰੇ ਸਾਨੂੰ ਸ਼ਾਇਦ ਥੋੜ੍ਹਾ ਵਿਚਾਰਨ ਦੀ ਲੋੜ ਹੈ, ਉਹ ਇਹ ਕਿ ਵੱਖੋ ਵੱਖਰੇ ਰਿਸ਼ਤੇ ਕਈ ਵਾਰ ਇੱਕੋ ਜਿਹੀਆਂ ਚੁਣੌਤੀਆਂ ਹੀ ਕਿਉਂ ਖੜ੍ਹੀਆਂ ਕਰਦੇ ਹਨ। ਆਉਣ ਵਾਲੀਆਂ ਘਟਨਾਵਾਂ ਤੁਹਾਡੇ ਜੀਵਨ ਦੇ ਦਿਸਹੱਦੇ ਨੂੰ ਹੋਰ ਚੌੜਾ ਕਰਨਗੀਆਂ ਅਤੇ ਤੁਹਾਨੂੰ ਸ਼ਾਨਦਾਰ ਰਾਹ ਦਿਖਣਗੇ।
ਤੁਸੀਂ ਸੰਸਾਰ ਨੂੰ ਹਮੇਸ਼ਾ ਉਸ ਤਰ੍ਹਾਂ ਨਹੀਂ ਦੇਖਦੇ ਜਿਵੇਂ ਦੂਸਰੇ ਇਸ ਨੂੰ ਦੇਖਦੇ ਹਨ। ਤੁਸੀਂ ਸਵਾਲ ਕਰਦੇ ਹੋ। ਤੁਸੀਂ ਆਪਣੇ ਭਰਵੱਟੇ ਖੜ੍ਹੇ ਕਰ ਕੇ ਹੈਰਾਨੀ ਦਾ ਇਜ਼ਹਾਰ ਕਰਦੇ ਹੋ। ਤੁਸੀਂ ਵਧੇਰੇ ਸੋਚਦੇ ਹੋ। ਇਸ ਦਾ, ਪਰ, ਹਰਗਿਜ਼ ਇਹ ਮਤਲਬ ਨਹੀਂ ਕਿ ਤੁਸੀਂ ਹਮੇਸ਼ਾ ਵਧੇਰੇ ਨੁਕਸ ਹੀ ਕੱਢਦੇ ਹੋ। ਕਈ ਵਾਰ, ਤੁਹਾਡੀ ਲਾਮਿਸਾਲ ਸਮਝ ਤੁਹਾਨੂੰ ਲੋਕਾਂ ਅਤੇ ਸਥਿਤੀਆਂ ਦੀ ਸੱਚੀ ਤਾਰੀਫ਼ ਕਰਨ ਦੀ ਤਮੀਜ਼ ਵੀ ਬਖ਼ਸ਼ਦੀ ਹੈ। ਤੁਸੀਂ ਦੇਖ ਲੈਂਦੇ ਹੋ ਕਿ ਦਾਦ ਅਤੇ ਜੈਕਾਰ ਕਿੱਥੇ ਬਣਦੀ ਹੈ, ਓਦੋਂ ਵੀ ਜਦੋਂ ਦੂਸਰੇ ਇਸ ਪਾਸੇ ਵਲੋਂ ਬਿਲਕੁਲ ਅਵੇਸਲੇ ਹੁੰਦੇ ਹਨ। ਕਈ ਵਾਰ, ਖ਼ੁਲਾਸੇ ਤੁਹਾਨੂੰ ਭੌਚੱਕਾ ਛੱਡ ਜਾਂਦੇ ਹਨ, ਪਰ ਤੁਸੀਂ ਉਨ੍ਹਾਂ ਤੋਂ ਬਹੁਤ ਕੁੱਝ ਸਿਖਦੇ ਵੀ ਹੋ।
ਅਸੀਂ ਸਾਰੇ ਹੀ ਖ਼ਾਸ ਹਾਂ। ਸਾਡੇ ਸਾਰਿਆਂ ਕੋਲ ਹੀ ਦੇਣ ਨੂੰ ਕੁੱਝ ਨਾ ਕੁੱਝ ਹੈ। ਅਸੀਂ ਸਾਰੇ ਹੀ ਤਾਰੀਫ਼ ਅਤੇ ਵਾਹ ਵਾਹ ਦੇ ਹੱਕਦਾਰ ਹਾਂ। ਸਾਡੇ ਵਿੱਚੋਂ ਕੁੱਝ ਇਸ ਦੀ ਆਪਣੇ ਅੰਦਰ ਮੌਜੂਦਗੀ ਨੂੰ ਭਾਂਪ ਲੈਂਦੇ ਹਨ ਅਤੇ ਉਨ੍ਹਾਂ ਦੀ ਬੋਲਚਾਲ ਵਿੱਚ ਸਵੈ ਵਿਸ਼ਵਾਸ ਦੀ ਝਲਕ ਸਭ ਨੂੰ ਦਿਖਾਈ ਦਿੰਦੀ ਹੈ। ਕੁੱਝ ਨੂੰ ਸਾਰੀ ਉਮਰ ਇਹੋ ਸ਼ੱਕ ਰਹਿੰਦਾ ਹੈ ਕਿ ਉਨ੍ਹਾਂ ਵਿੱਚ ਜੋ ਕੁੱਝ ਵੀ ਹੈ ਉਹ ਆਮ ਸੰਸਾਰ ਤੋਂ ਵੱਖਰੈ ਅਤੇ ਉਹ ਆਪਣਾ ਸਿਰ ਛੁਪਾ ਕੇ, ਲੋੜੋਂ ਵੱਧ ਚੁੱਪ ਧਾਰ ਲੈਂਦੇ ਹਨ। ਜੇ ਤੁਹਾਨੂੰ ਆਪਣੀ ਭਾਵਨਾਤਮਕ ਜ਼ਿੰਦਗੀ ਵਿੱਚ ਕਿਸੇ ਮੀਆਂ ਮਿੱਠੂ ਦੀ ਹਉਮੈ ਪਰੇਸ਼ਾਨ ਕਰ ਰਹੀ ਹੈ ਤਾਂ ਉਸ ਨੂੰ ਸੰਬੋਧਿਤ ਹੋ ਕੇ ਦਰੁੱਸਤ ਕਰਨ ਦੀ ਲੋੜ ਹੈ। ਇਸ ਨੂੰ ਕਰਨ ਦਾ ਹੁਣ ਤੋਂ ਵਧੀਆ ਵਕਤ ਅਤੇ ਢੰਗ ਹੋਰ ਕੋਈ ਨਹੀਂ।