ਅਜਵਾਇਣ ਦੀ ਵਰਤੋਂ ਹਰੇਕ ਰਸੋਈਘਰ ਵਿੱਚ ਮਸਾਲੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਹ ਜਿਗਰ, ਪੇਟ ਅਤੇ ਅੰਤੜੀਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਵਿੱਚ ਲਾਭ ਪਹੁੰਚਾਉਂਦੀ ਹੈ। ਛੋਟੇ ਬੱਚਿਆਂ ਲਈ ਤਾਂ ਇਸ ਨੂੰ ਅਕਸਰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਭੋਜਨ ਨੂੰ ਪਚਾਉਂਦੀ ਹੈ ਅਤੇ ਅਫ਼ਾਰਾ ਦੂਰ ਕਰਦੀ ਹੈ।
ਪੇਟ ਦਰਦ ਅਤੇ ਗੈਸ: ਅਜਵਾਇਣ ਨੂੰ ਨਿੰਬੂ ਦੇ ਰਸ ਵਿੱਚ ਭਿਉਂ ਕੇ ਸੁਕਾ ਲਓ। ਬਰੀਕ ਪੀਸ ਕੇ ਕਾਲਾ ਨਮਕ, ਹਿੰਗ ਅਤੇ ਸਾਦਾ ਨਮਕ ਮਿਲਾਓ। ਇੱਕ ਚਮਚ ਚੂਰਨ ਕੋਸੇ ਪਾਣੀ ਨਾਲ ਲੈਣ ਨਾਲ ਗੈਸ ਵਿੱਚ ਤੁਰੰਤ ਫ਼ਾਇਦਾ ਹੁੰਦਾ ਹੈ।
ਕੰਨ ਦਾ ਦਰਦ: ਅਜਵਾਇਣ ਨੂੰ ਤਿਲਾਂ ਦੇ ਤੇਲ ਵਿੱਚ ਪਕਾ ਕੇ ਛਾਣ ਲਓ। ਕੰਨ ਵਿੱਚ 2-3 ਬੂੰਦਾਂ ਕੋਸੇ ਤੇਲ ਦੀਆਂ ਪਾਓ। ਜੇ ਕੰਨ ਵਿੱਚ ਫ਼ਿੰਸੀ ਹੋਵੇ ਤਾਂ ਉਹ ਪੱਕ ਕੇ ਫ਼ੁੱਟ ਜਾਂਦੀ ਹੈ।
ਕਾਲੀ ਖੰਘ: 10 ਗ੍ਰਾਮ ਅਜਵਾਇਣ, ਤਿੰਨ ਗ੍ਰਾਮ ਨਮਕ ਪੀਸ ਕੇ 40 ਗ੍ਰਾਮ ਸ਼ਹਿਦ ਵਿੱਚ ਮਿਲਾਓ। ਦਿਨ ਵਿੱਚ 3-4 ਵਾਰ ਥੋੜ੍ਹੀ-ਥੋੜ੍ਹੀ ਚੱਟਣ ਨਾਲ ਖੰਘ ਵਿੱਚ ਫ਼ਾਇਦਾ ਹੋਵੇਗਾ।
ਅਜੀਰਨ ਤੇ ਅਫ਼ਾਰਾ: ਸੁੰਢ, ਕਾਲੀ ਮਿਰਚ, ਲਾਹੌਰੀ ਨਮਕ, ਸਫ਼ੈਦ ਜ਼ੀਰਾ, ਕਾਲਾ ਜ਼ੀਰਾ, ਅਜਵਾਇਣ, ਪਿੱਪਲੀ, ਘਿਓ ਵਿੱਚ ਭੁੰਨੀ ਹਿੰਗ 25-25 ਗ੍ਰਾਮ ਦਾ ਬਰੀਕ ਚੂਰਨ ਬਣਾ ਲਓ। ਇੱਕ-ਡੇਢ ਗ੍ਰਾਮ ਗਰਮ ਪਾਣੀ ਨਾਲ ਲੈਣ ਨਾਲ ਅਜੀਰਨ ਅਤੇ ਅਫ਼ਾਰੇ ਵਿੱਚ ਫ਼ਾਇਦਾ ਹੁੰਦਾ ਹੈ।
ਬੰਦ ਜ਼ੁਕਾਮ: ਅਜਵਾਇਣ ਨੂੰ ਤਵੇ ‘ਤੇ ਗਰਮ ਕਰ ਕੇ ਕੱਪੜੇ ਦੀ ਪੋਟਲੀ ਬਣਾ ਕੇ ਸੁੰਘਣ ਨਾਲ ਛਿੱਕਾਂ ਆ ਕੇ ਬੰਦ ਨੱਕ ਖੁੱਲ੍ਹ ਜਾਂਦਾ ਹੈ। ਜੇ ਜ਼ੁਕਾਮ ਵਿੱਚ ਸਿਰਦਰਦ ਹੋਵੇ ਤਾਂ ਦੂਰ ਹੋ ਜਾਂਦਾ ਹੈ।
ਬਿੱਛੂ ਦੇ ਡੰਗ ਦਾ ਦਰਦ: ਅਜਵਾਇਣ ਨੂੰ ਪਾਣੀ ਵਿੱਚ ਪੀਸ ਕੇ ਬਿੱਛੂ ਦੇ ਡੰਗ ਵਾਲੀ ਜਗ੍ਹਾ ਲਗਾਉਣ ਨਾਲ ਦਰਦ ਦੂਰ ਹੋ ਜਾਂਦਾ ਹੈ।
ਅੰਤੜੀਆਂ ਦੀ ਸੋਜ: ਜਿਗਰ, ਤਿੱਲੇ ਅਤੇ ਅੰਤੜੀਆਂ ਦੀ ਸੋਜ ਦੂਰ ਕਰਨ ਲਈ ਪੁਰਾਣਾ ਬੁਖ਼ਾਰ ਵਾਲਾ ਨੁਸਖ਼ਾ 10 ਦਿਨ ਤਕ ਵਰਤੋ।
ਗਲੇ ਦੀ ਸੋਜ: ਗਰਮ ਪਾਣੀ ਨਾਲ ਇੱਕ ਚਮਚ ਅਜਵਾਇਣ 3-4 ਵਾਰ ਇੱਕ ਹਫ਼ਤੇ ਤਕ ਵਰਤੋਂ ਕਰਨ ਨਾਲ ਗਲੇ ਦੀ ਸੋਜ ਦੂਰ ਹੋ ਜਾਂਦੀ ਹੈ।
ਵਾਯੂ ਸ਼ੂਲ: ਅਜਵਾਇਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਹਵਾ ਨਾਲ ਹੋਣ ਵਾਲਾ ਦਰਦ ਦੂਰ ਹੋ ਜਾਂਦਾ ਹੈ।
ਪੇਟ ਦੇ ਕੀੜੇ: ਅਜਵਾਇਣ ਦਾ ਪੰਜ ਗ੍ਰਾਮ ਚੂਰਨ ਲੱਸੀ ਦੇ ਨਾਲ ਲੈਣ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।
ਖੰਘ: ਅਜਵਾਇਣ ਚਬਾ ਕੇ ਉਸ ਦੇ ਉੱਪਰੋਂ ਦੀ ਗਰਮ ਪਾਣੀ ਪੀਣ ਨਾਲ ਖੰਘ ਘੱਟ ਹੁੰਦੀ ਹੈ।
ਪੱਥਰੀ: ਅਜਵਾਇਣ ਨੂੰ ਮੂਲੀ ਦੇ ਰਸ ਵਿੱਚ ਮਿਲਾ ਕੇ ਖਾਣ ਨਾਲ ਪੱਥਰੀ ਗਲ ਕੇ ਨਿਕਲ ਜਾਂਦੀ ਹੈ।
ਚਮੜੀ ਰੋਗ: ਅਜਵਾਇਣ ਨੂੰ ਪੀਸ ਕੇ ਦਾਦ, ਖਾਜ, ਖੁਜਲੀ, ਆਦਿ ਚਮੜੀ ਰੋਗਾਂ ‘ਤੇ ਲਗਾਉਣ ਨਾਲ ਲਾਭ ਹੁੰਦਾ ਹੈ।
ਦੰਦ ਦਾ ਦਰਦ: ਅਜਵਾਇਣ ਦਾ ਤੇਲ ਰੂੰ ‘ਤੇ ਲਗਾ ਕੇ ਦੰਦ ਦੇ ਹੇਠਾਂ ਰੱਖ ਕੇ ਲਾਰ ਟਪਕਾਉਣ ਨਾਲ ਲਾਭ ਹੁੰਦਾ ਹੈ। ਅਜਵਾਇਣ ਨੂੰ ਜਲਾ ਕੇ ਛਾਣ ਲਓ। ਇਸ ਨੂੰ ਦੰਦਾਂ ‘ਤੇ ਮਲਣ ਨਾਲ ਮਸੂੜੇ ਤੰਦਰੁਸਤ ਬਣਦੇ ਹਨ।
ਸਿਰਦਰਦ: ਅਜਵਾਇਣ ਦੇ ਪੱਤੇ ਪੀਸ ਕੇ ਲੇਪ ਕਰਨ ਨਾਲ ਸਿਰਦਰਦ ਦੂਰ ਹੁੰਦਾ ਹੈ।
ਜੋੜਾਂ ਦਾ ਦਰਦ: ਅਜਵਾਇਣ ਦੇ ਤੇਲ ਦੀ ਮਾਲਿਸ਼ ਕਰਨ ਨਾਲ ਜੋੜਾਂ ਦਾ ਦਰਦ, ਜਕੜਨ ਅਤੇ ਸ਼ਰੀਰ ਦੇ ਅਨੇਕਾਂ ਭਾਗਾਂ ਵਿੱਚ ਦਰਦ, ਆਦਿ ਵਿੱਚ ਲਾਭ ਹੁੰਦਾ ਹੈ।
ਸੂਰਜਵੰਸ਼ੀ