ਨਵੀਂ ਦਿੱਲੀ- ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਮਾਮਲੇ ਦੇ ਦੋਸ਼ੀ ਰਾਜੀਵ ਸਕਸੈਨਾ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 22 ਫਰਵਰੀ ਤੱਕ ਅੰਤਿਮ ਜ਼ਮਾਨਤ ਦੇ ਦਿੱਤੀ ਹੈ। ਰਾਜੀਵ ਸਕਸੈਨਾ ਨੂੰ 5-5 ਲੱਖ ਰੁਪਏ ਦੀਆਂ ਦੋ ਜ਼ਮਾਨਤ ਰਾਸ਼ੀਆਂ ‘ਤੇ 7 ਦਿਨਾਂ ਦੀ ਅੰਤਰਿਮ ਜ਼ਮਾਨਤ ਦਿੱਤੀ ਗਈ। ਮੁੱਖ ਜੱਜ ਅਰਵਿੰਦ ਕੁਮਾਰ ਨੇ ਸਕਸੈਨਾ ਦੀ ਮੈਡੀਕਲ ਰਿਪੋਰਟ ਪੜਨ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਕੀਤੀ। ਅਦਾਲਤ ਨੇ ਮੰਗਲਵਾਰ ਸਕਸੈਨਾ ਨੂੰ 18 ਫਰਵਰੀ ਤੱਕ ਜੁਡੀਸ਼ੀਅਲ ਹਿਰਾਸਤ ‘ਚ ਭੇਜਿਆ ਸੀ। ਸਕਸੈਨਾ ਨੇ ਖਰਾਬ ਸਿਹਤ ਦੇ ਆਧਾਰ ‘ਤੇ ਜ਼ਮਾਨਤ ਮੰਗੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਹੈ ਕਿ ਉਸ ਨੂੰ ਇਸ ਸ਼ਰਤ ‘ਤੇ ਜ਼ਮਾਨਤ ਦਿੱਤੀ ਗਈ ਹੈ ਕਿ ਉਹ ਦਿੱਲੀ ਛੱਡ ਕੇ ਨਾ ਜਾਵੇ।
ਜ਼ਿਕਰਯੋਗ ਹੈ ਕਿ ਸਕਸੈਨਾ ਦੁਬਈ ਤੋਂ ਲਿਆਂਦੇ ਜਾਣ ਤੋਂ ਬਾਅਦ 31 ਜਨਵਰੀ ਤੋਂ ਹੀ ਹਿਰਾਸਤ ‘ਚ ਹੈ। ਸਕਸੈਨਾ ਨੇ ਆਪਣੀ ਪਟੀਸ਼ਨ ‘ਚ ਕਿਹਾ ਹੈ ਕਿ ਇਸ ਮਾਮਲੇ ‘ਚ ਗੌਤਮ ਖੇਤਾਨ, ਰਿਤੂ ਖੇਤਾਨ, ਐੱਸ. ਪੀ. ਤਿਆਗੀ ਵਰਗੇ ਹੋਰ ਦੋਸ਼ੀ ਜ਼ਮਾਨਤ ‘ਤੇ ਰਿਹਾ ਚੱਲ ਰਹੇ ਹਨ। ਉਨ੍ਹਾਂ ਦੇ ਪਾਸਪੋਰਟ ਈ. ਡੀ. ਕੋਲ ਹਨ ਅਤੇ ਉਨ੍ਹਾਂ ਦੇ ਫਰਾਰ ਹੋਣ ਦੀ ਉਮੀਦ ਨਹੀਂ ਹੈ।
ਇਸ ਤੋਂ ਇਲਾਵਾ ਅਗਸਤਾ ਵੈਸਟਲੈਂਡ ਵੀ. ਵੀ. ਆਈ. ਪੀ. ਹੈਲੀਕਾਪਟਰ ਸੌਦੇ ‘ਚ ਕਥਿਤ ਘੋਟਾਲੇ ਦੇ ਸਿਲਸਿਲੇ ‘ਚ ਗ੍ਰਿਫਤਾਰ ਕ੍ਰਿਸ਼ਚੀਅਨ ਮਿਸ਼ੇਲ ਦੀ ਜ਼ਮਾਨਤ ਅਰਜੀ ‘ਤੇ ਬੁੱਧਵਾਰ ਨੂੰ ਸੁਣਵਾਈ ਪੂਰੀ ਕਰ ਲਈ ਹੈ। ਅਦਾਲਤ 16 ਫਰਵਰੀ ਨੂੰ ਆਪਣਾ ਫੈਸਲਾ ਸੁਣਾਏਗੀ। ਮੁੱਖ ਜੱਜ ਅਰਵਿੰਦ ਕੁਮਾਰ ਨੇ ਇਸ ਮਾਮਲੇ ‘ਚ ਦੋਵਾਂ ਪੱਖਾਂ ਨੂੰ 15 ਫਰਵਰੀ ਤੱਕ ਲਿਖਤੀ ਦਲੀਲਾਂ ਦੇਣ ਦਾ ਆਦੇਸ਼ ਦਿੱਤਾ ਹੈ।