ਜਲਦ ਹੀ PM ਨਰੇਂਦਰ ਮੋਦੀ ‘ਤੇ ਬਾਇਓਪਿਕ ਬਣੇਗੀ ਜਿਸ ਵਿੱਚ ਮੋਦੀ ਦਾ ਕਿਰਦਾਰ ਨਿਭਾਉਣ ਲਈ ਵਿਵੇਕ ਓਬਰਾਏ ਨੂੰ ਫ਼ਾਈਨਲ ਕੀਤਾ ਗਿਆ ਹੈ …
ਫ਼ਿਲਮ ਇੰਡਸਟਰੀ ‘ਚ ਪਿਛਲੇ ਕੁੱਝ ਸਮੇਂ ਤੋਂ ਕਾਫ਼ੀ ਬਾਇਓਪਿਕ ਬਣ ਰਹੀਆਂ ਹਨ। ਇਸ ਸਾਲ ਵੀ ਕਈ ਵੱਡੀਆਂ ਬਾਇਓਪਿਕ ਰਿਲੀਜ਼ ਹੋਣਗੀਆਂ। ਸਭ ਤੋ ਪਹਿਲਾਂ NTR ਦੀ ਬਾਇਓਪਿਕ ਕਥਾਨਾਇਕੁਡੂ ਰਿਲੀਜ਼ ਹੋਵੇਗੀ। ਉਸ ਤੋਂ ਬਾਅਦ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ‘ਤੇ ਬਣੀ ਫ਼ਿਲਮ ਦਾ ਐਕਸੀਡੈਂਟਲ ਪ੍ਰਾਈਮ ਮਨਿਸਟਰ ਅਤੇ ਬਾਲਾ ਸਾਹਿਬ ਠਾਕਰੇ ਦੇ ਜੀਵਨ ‘ਤੇ ਬਣੀ ਠਾਕਰੇ ਵੀ ਰਿਲੀਜ਼ ਲਈ ਤਿਆਰ ਹਨ।
ਇਸੇ ਸੂਚੀ ‘ਚ ਹੁਣ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਬਣਨ ਵਾਲੀ ਬਾਇਓਪਿਕ ਵੀ ਸ਼ਾਮਿਲ ਹੋਣ ਜਾ ਰਹੀ ਹੈ। PM ਮੋਦੀ ‘ਤੇ ਬਣਨ ਵਾਲੀ ਇਸ ਫ਼ਿਲਮ ਦਾ ਰਸਮੀ ਐਲਾਨ ਹੋ ਚੁੱਕਾ ਹੈ ਜਿਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਉਮੰਗ ਕੁਮਾਰ ਨਿਭਾਏਗਾ। ਇਸ ਬਾਇਓਪਿਕ ‘ਚ ਅਦਾਕਾਰ ਵਿਵੇਕ ਓਬਰਾਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਿਰਦਾਰ ਨਿਭਾਏਗਾ। ਫ਼ਿਲਮ ਦਾ ਟਾਇਟਲ ਫ਼ਿਲਹਾਲ PM ਨਰੇਂਦਰ ਮੋਦੀ ਰੱਖਿਆ ਗਿਆ ਹੈ।
ਫ਼ਿਲਮ ਦੀ ਸ਼ੂਟਿੰਗ ਕੁੱਝ ਦਿਨਾਂ ਤਕ ਸ਼ੁਰੂ ਹੋ ਜਾਵੇਗੀ। ਵਿਵੇਕ ਓਬਰਾਏ ਨੇ ਇਸ ਫ਼ਿਲਮ ਲਈ ਆਪਣੀ ਦਿੱਖ ਉੱਪਰ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹ ਆਪਣੀ ਦਿੱਖ ਨੂੰ ਇਸ ਫ਼ਿਲਮ ਦੇ ਅਨੁਸਾਰ ਢਾਲ ਰਿਹਾ ਹੈ। ਵੈਸੇ ਉਹ ਇਸ ਰੋਲ ਨੂੰ ਆਪਣੇ ਕਰੀਅਰ ਦਾ ਸਭ ਤੋਂ ਚੁਣੌਤੀਪੂਰਨ ਰੋਲ ਮੰਨਦਾ ਹੈ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਵਿੱਚ PM ਦੇ ਚਾਹ ਦੀ ਦੁਕਾਨ ਚਲਾਉਣ, ਗੁਜਰਾਤ ਵਿਖੇ ਰੋਡ ਟਰਾਂਸਪੋਰਟ ਕੌਰਪੋਰੇਸ਼ਨ ਦੀ ਕੈਨਟੀਨ ‘ਚ ਸਟਾਫ਼ ਦੇ ਤੌਰ ‘ਤੇ ਕੰਮ ਕਰਨਾ, ਰਾਜਨੀਤੀ ‘ਚ ਆਉਣਾ ਅਤੇ ਗੁਜਰਾਤ ਦਾ CM ਬਣਨ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤਕ ਦਾ ਸਫ਼ਰ ਵਿਖਾਇਆ ਜਾਵੇਗਾ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਗੁਜਰਾਤ ‘ਚ ਹੀ ਕੀਤੀ ਜਾਵੇਗੀ। ਇਸ ਲੁਕ ਵਿੱਚ ਵਿਵੇਕ ਨੂੰ ਵੇਖਣਾ ਦਿਲਚਸਪ ਹੋਵੇਗਾ।