ਫ਼ਿਲਮ ਰੇਸ ਦੇ ਪਹਿਲੇ ਦੋਹਾਂ ਭਾਗਾਂ ਨੇ ਬੌਕਸ ਔਫ਼ਿਸ ‘ਤੇ ਜ਼ਬਰਦਸਤ ਕਮਾਈ ਕੀਤੀ ਸੀ। ਦੋਹਾਂ ਭਾਗਾਂ ‘ਚ ਸੈਫ਼ ਅਲੀ ਖ਼ਾਨ ਨੇ ਮੁੱਖ ਭੂਮਿਕਾ ਨਿਭਾਈ ਸੀ, ਪਰ ਪਿਛਲੇ ਸਾਲ ਰਿਲੀਜ਼ ਹੋਈ ਰੇਸ 3 ‘ਚ ਸੈਫ਼ ਦੀ ਥਾਂ ਸਲਮਾਨ ਖ਼ਾਨ ਨੂੰ ਲਿਆ ਗਿਆ ਸੀ। ਉਮੀਦ ਸੀ ਕਿ ਫ਼ਿਲਮ ਲੋਕਾਂ ਦਾ ਦਿਲ ਜਿੱਤ ਲਏਗੀ ਪਰ ਹੋਇਆ ਇਸ ਤੋਂ ਉਲਟ। ਫ਼ਿਲਮ ਤਾਂ ਰਿਲੀਜ਼ ਹੋਈ ਪਰ ਕੋਈ ਵੱਡਾ ਕ੍ਰਿਸ਼ਮਾ ਨਾ ਵਿਖਾ ਸਕੀ। ਹੁਣ ਜਾਣਕਾਰੀ ਮਿਲੀ ਹੈ ਕਿ ਸੈਫ਼ ਅਲੀ ਖ਼ਾਨ ਇੱਕ ਵਾਰ ਫ਼ਿਰ ਰੇਸ ਸੀਰੀਜ਼ ‘ਚ ਵਾਪਸੀ ਕਰੇਗਾ।
ਸੈਫ਼ ਦੀ ਅਦਾਕਾਰੀ ਦਾ ਕੋਈ ਤੋੜ ਨਹੀਂ, ਇਹ ਗੱਲ ਰੇਸ ਫ਼ਿਲਮ ਦੇ ਪ੍ਰੋਡਿਊਸਰ ਰਮੇਸ਼ ਤੁਰਾਨੀ ਨੂੰ ਵੀ ਸਮਝ ਆ ਗਈ ਹੈ। ਤੁਰਾਨੀ ਨੇ ਰੇਸ ਫ਼ਿਲਮ ਦੇ ਪਹਿਲੇ ਦੋਹਾਂ ਭਾਗਾਂ ‘ਚ ਸੈਫ਼ ਨੂੰ ਲਿਆ ਸੀ ਅਤੇ ਫ਼ਿਲਮਾਂ ਨੂੰ ਚੰਗਾ ਮੁਨਾਫ਼ਾ ਹੋਇਆ ਸੀ। ਰੇਸ 3 ‘ਚ ਸੈਫ਼ ਦੀ ਥਾਂ ਸਲਮਾਨ ਖ਼ਾਨ ਨੂੰ ਲਿਆ ਗਿਆ। ਫ਼ਿਲਮ ਦੇ ਟ੍ਰੇਲਰ ਨੂੰ ਤਾਂ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ, ਪਰ ਫ਼ਿਲਮ ਨੂੰ ਬੌਕਸ ਆਫ਼ਿਸ ‘ਤੇ ਮੂੰਹ ਦੀ ਖਾਣੀ ਪਈ। ਇਥੋਂ ਤਕ ਕਿ ਸੋਸ਼ਲ ਮੀਡੀਆ ‘ਤੇ ਵੀ ਫ਼ਿਲਮ ਮਜ਼ਾਕ ਦੀ ਪਾਤਰ ਹੀ ਬਣੀ।
ਰਮੇਸ਼ ਤੁਰਾਨੀ ਨੇ ਰੇਸ 4 ਲਈ ਮੁੜ ਸੈਫ਼ ਤਕ ਪਹੁੰਚ ਕੀਤੀ ਹੈ। ਸਵਾਲ ਇਹ ਉਠਦਾ ਹੈ ਕਿ ਜੇ ਸੈਫ਼ ਨੂੰ ਰੇਸ 4 ਲਈ ਅਪ੍ਰੋਚ ਕੀਤਾ ਗਿਆ ਹੈ ਤਾਂ ਸਲਮਾਨ ਇਸ ਫ਼ਿਲਮ ਤੋਂ ਬਾਹਰ ਹੋ ਸਕਦਾ ਹੈ। ਫ਼ਿਲਹਾਲ, ਰੇਸ 4 ‘ਚ ਹੋਰ ਕਿਹੜੇ-ਕਿਹੜੇ ਸਟਾਰ ਨਜ਼ਰ ਆਉਣਗੇ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਫ਼ਿਲਮ ਰੇਸ 2008 ‘ਚ ਰਿਲੀਜ਼ ਹਈ ਸੀ। ਸੈਫ਼ ਅਲੀ ਖ਼ਾਨ ਜਲਦੀ ਹੀ ਸੀਕ੍ਰੇਟ ਗੇਮਜ਼ 2 ਦੀ ਸ਼ੂਟਿੰਗ ਵੀ ਸ਼ੁਰੂ ਕਰ ਰਿਹਾ ਹੈ। ਇਸ ਵੈੱਬ ਸੀਰੀਜ਼ ਦੀ ਕਹਾਣੀ ਵਿਕਰਮ ਚੰਦਰ ਦੇ ਨਾਵਲ ‘ਤੇ ਆਧਾਰਿਤ ਹੈ। ਇਸ ਸੀਰੀਜ਼ ਨੇ ਸੈਫ਼ ਦੇ ਕਰੀਅਰ ਨੂੰ ਮੁੜ ਪਟੜੀ ‘ਤੇ ਲੈ ਆਂਦਾ ਹੈ।