ਰਣਵੀਰ ਸਿੰਘ ਫ਼ਿਲਮ 83 ‘ਚ ਆਪਣੇ ਰੋਲ ਨੂੰ ਦਮਦਾਰ ਬਣਾਉਣ ਲਈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਕਪਿਲ ਦੇਵ ਪਾਸੋਂ ਟ੍ਰੇਨਿੰਗ ਲਵੇਗਾ। ਕਬੀਰ ਖ਼ਾਨ ਦੇ ਨਿਰਦੇਸ਼ਨ ‘ਚ ਬਣ ਰਹੀ ਇਸ ਫ਼ਿਲਮ ‘ਚ ਰਣਵੀਰ ਸਿੰਘ ਮੁੱਖ ਭੂਮਿਕਾ ਨਿਭਾਏਗਾ। ਇਹ ਫ਼ਿਲਮ ਭਾਰਤੀ ਕ੍ਰਿਕਟ ਟੀਮ ਦੇ ਪਹਿਲੇ ਕ੍ਰਿਕਟ ਵਿਸ਼ਵ ਕੱਪ ਦੀ ਜਿੱਤ ‘ਤੇ ਆਧਾਰਿਤ ਹੈ। ਇਸ ‘ਚ ਰਣਵੀਰ ਸਾਬਕਾ ਕਪਤਾਨ ਕਪਿਲ ਦੇਵ ਦਾ ਕਿਰਦਾਰ ਨਿਭਾਏਗਾ।
ਰਣਵੀਰ ਨੇ ਸਿੰਬਾ ਦੀ ਸਫ਼ਲਤਾ ਤੋਂ ਬਾਅਦ ਹੁਣ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਆਪਣੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਣ ਲਈ ਰਣਵੀਰ ਕ੍ਰਿਕਟਰ ਬਲਵਿੰਦਰ ਸਿੰਘ ਸੰਧੂ ਪਾਸੋਂ ਕ੍ਰਿਕਟ ਦੀ ਸਿਖਲਾਈ ਲੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਣਵੀਰ ਨੂੰ ਕਪਿਲ ਦੇਵ ਵੀ ਟ੍ਰੇਨਿੰਗ ਦੇਵੇਗਾ। ਉਹ ਰਣਵੀਰ ਨੂੰ ਦੱਸੇਗਾ ਕਿ ਉਸ ਸਮੇਂ ਉਸ ਦੇ ਹਾਵ-ਭਾਵ ਕਿਹੋ ਜਿਹੇ ਸਨ ਅਤੇ ਕਿਸ ਪ੍ਰਕਾਰ ਉਹ ਗੇਂਦਬਾਜ਼ੀ ਜਾਂ ਬੈਟਿੰਗ ਕਰਦਾ ਸੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਇਸ ਤੋਂ ਇਲਾਵਾ ਰਣਵੀਰ ਸਿੰਘ ਕਰਨ ਜੌਹਰ ਦੀ ਫ਼ਿਲਮ ਤਖ਼ਤ ‘ਚ ਵੀ ਅਹਿਮ ਕਿਰਦਾਰ ਨਿਭਾਏਗਾ। ਇਸ ‘ਚ ਉਸ ਨਾਲ ਪਹਿਲੀ ਵਾਰ ਕਰੀਨਾ ਕਪੂਰ ਖ਼ਾਨ ਨਜ਼ਰ ਆਵੇਗੀ। ਮੁਗ਼ਲ ਇਤਿਹਾਸ ‘ਤੇ ਬਣ ਰਹੀ ਫ਼ਿਲਮ ਤਖ਼ਤ ‘ਚ ਆਲੀਆ ਭੱਟ, ਵਿੱਕੀ ਕੌਸ਼ਲ ਅਤੇ ਅਨਿਲ ਕਪੂਰ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ‘ਚ ਅਨਿਲ ਕਪੂਰ ਸ਼ਾਹਜਹਾਂ ਦਾ ਕਿਰਦਾਰ ਨਿਭਾਏਗਾ। ਰਣਵੀਰ ਦੀ ਅਗਲੇ ਮਹੀਨੇ ਫ਼ਿਲਮ ਗਲੀ ਬੁਆਏ ਵੀ ਰਿਲੀਜ਼ ਹੋ ਰਹੀ ਹੈ ਜਿਸ ‘ਚ ਉਸ ਨੇ ਇੱਕ ਗਾਇਕ ਦਾ ਕਿਰਦਾਰ ਨਿਭਾਇਆ ਹੈ।