ਖ਼ੂਬਸੂਰਤ ਬੌਲੀਵੁੱਡ ਅਦਾਕਾਰਾ ਕੈਟਰੀਨਾ ਕੈਫ਼ ਅੱਜ ਕੱਲ੍ਹ ਫ਼ਿਲਮ ਭਾਰਤ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਫ਼ਿਲਮ ‘ਚ ਉਸ ਨਾਲ ਸਲਮਾਨ ਖ਼ਾਨ ਵੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਉਹ ਛੇਤੀ ਹੀ ਤੇਲਗੂ ਫ਼ਿਲਮਾਂ ਦੇ ਸੁਪਰਸਟਾਰ ਮਹੇਸ਼ ਬਾਬੂ ਨਾਲ ਅਗਲੀ ਫ਼ਿਲਮ ‘ਚ ਰੋਮੈਂਸ ਕਰਦੀ ਨਜ਼ਰ ਆਏਗੀ। ਉਮੀਦ ਕੀਤੀ ਜਾ ਰਹੀ ਹੈ ਮਹੇਸ਼ ਦੀ ਅਗਲੀ ਫ਼ਿਲਮ ‘ਚ ਕੈਟਰੀਨਾ ਨੂੰ ਲਿਆ ਜਾ ਸਕਦਾ ਹੈ। ਜੇ ਇਸ ਫ਼ਿਲਮ ਲਈ ਕੈਟਰੀਨਾ ਦੀ ਚੋਣ ਕਰ ਲਈ ਜਾਂਦੀ ਹੈ ਤਾਂ ਪਹਿਲੀ ਵਾਰ ਦਰਸ਼ਕਾਂ ਨੂੰ ਇਨ੍ਹਾਂ ਦੋਹਾਂ ਨੂੰ ਇਕੱਠਿਆਂ ਦੇਖਣ ਦਾ ਮੌਕਾ ਮਿਲੇਗਾ।
ਮਹੇਸ਼ ਜਲਦੀ ਹੀ ਫ਼ਿਲਮ ਮਹਾਰਿਸ਼ੀ ਵਿੱਚ ਵੀ ਨਜ਼ਰ ਆਵੇਗਾ। ਇਸ ਫ਼ਿਲਮ ‘ਚ ਉਸ ਨਾਲ ਅਦਾਕਾਰਾ ਪੂਜਾ ਹੈਗੜੇ ਮੁੱਖ ਰੋਲ ਨਿਭਾ ਰਹੀ ਹੈ। ਇਹ ਵੀ ਚਰਚਾ ਹੈ ਕਿ ਮਹੇਸ਼ ਬਾਬੂ ਜਲਦੀ ਹੀ ਨਿਰਦੇਸ਼ਕ ਸੁਕੁਮਾਰ ਨਾਲ ਇੱਕ ਫ਼ਿਲਮ ਲਈ ਹੱਥ ਮਿਲਾ ਰਿਹਾ ਹੈ। ਦੂਜੇ ਪਾਸੇ, ਨਿਰਦੇਸ਼ਕ ਸੁਕੁਮਾਰ ਨੇ ਆਪਣੀ ਇਸ ਫ਼ਿਲਮ ਲਈ ਕੈਟਰੀਨਾ ਨਾਲ ਵੀ ਗੱਲਬਾਤ ਕੀਤੀ ਹੈ। ਜੇ ਮਹੇਸ਼ ਬਾਬੂ ਅਤੇ ਕੈਟ ਦੀ ਜੋੜੀ ਇਕੱਠਿਆਂ ਇਹ ਫ਼ਿਲਮ ਕਰਦੀ ਹੈ ਤਾਂ ਫ਼ਿਲਮ ਦੀ ਸਫ਼ਲਤਾ ਦੀਆਂ ਸਭਾਵਨਾਵਾਂ ਵੱਧ ਸਕਦੀਆਂ ਹਨ।
ਕੁੱਝ ਸਮਾਂ ਪਹਿਲਾਂ ਵੀ ਚਰਚਾ ਚੱਲੀ ਸੀ ਕਿ ਮਹੇਸ਼ ਬਾਬੂ ਸਾਊਥ ਦੀਆਂ ਫ਼ਿਲਮਾਂ ਤੋਂ ਬਾਅਦ ਬੌਲੀਵੁਡ ਫ਼ਿਲਮਾਂ ‘ਚ ਵੀ ਹੱਥ ਅਜ਼ਮਾਉਣਾ ਚਾਹੁੰਦਾ ਹੈ। ਉਸ ਨੇ ਪਿਛਲੇ ਸਾਲ ਮੁੰਬਈ ਵਿੱਚ ਕੁੱਝ ਨਿਰਦੇਸ਼ਕਾਂ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆਈ ਸੀ ਕਿ ਉਹ ਅਜਿਹੀ ਫ਼ਿਲਮ ਕਰਨੀ ਚਾਹੁੰਦਾ ਹੈ ਜੋ ਦੋ ਭਸ਼ਾਵਾਂ ‘ਚ ਬਣਾਈ ਜਾ ਰਹੀ ਹੋਵੇ। ਵੈਸੇ ਕੈਟਰੀਨਾ ਨੂੰ ਰੇਮੋ ਡੀਸੂਜ਼ਾ ਦੀ ਅਗਲੀ ਫ਼ਿਲਮ ABCD 3 ਦੀ ਵੀ ਪੇਸ਼ਕਸ਼ ਮਿਲੀ ਸੀ, ਪਰ ਸਮੇਂ ਦੀ ਘਾਟ ਕਾਰਨ ਉਸ ਨੂੰ ਇਹ ਫ਼ਿਲਮ ਛੱਡਣੀ ਪਈ।