ਅਦਾਕਾਰਾ ਦੀਪਿਕਾ ਪਾਦੂਕੋਣ ਦੇ ਡਿਪ੍ਰੈਸ਼ਨ ਦਾ ਸ਼ਿਕਾਰ ਹੋਣ ਅਤੇ ਇਸ ਸਥਿਤੀ ‘ਚੋਂ ਬਾਹਰ ਆਉਣ ਦੀ ਜੱਦੋਜਹਿਦ ਨੂੰ ਬਹੁਤ ਜਲਦੀ ਕਿਤਾਬੀ ਰੂਪ ਦਿੱਤਾ ਜਾਵੇਗਾ। ਡਿਪ੍ਰੈਸ਼ਨ ਬਾਰੇ ਦੀਪਿਕਾ ਨੂੰ ਅਕਸਰ ਖੁੱਲ੍ਹ ਕੇ ਗੱਲਬਾਤ ਕਰਦਿਆਂ ਦੇਖਿਆ ਗਿਆ ਹੈ ਅਤੇ ਉਹ ਲੋਕਾਂ ਨੂੰ ਇਸ ਮਾਨਸਿਕ ਹਾਲਤ ਵਿੱਚੋਂ ਬਾਹਰ ਆਉਣ ਲਈ ਪ੍ਰੇਰਿਤ ਵੀ ਕਰਦੀ ਹੈ।
ਹੁਣ ਦੀਪਿਕਾ ਆਪਣੇ ਮਾਨਸਿਕ ਸੰਘਰਸ਼ ਦੀ ਇਸ ਕਹਾਣੀ ਨੂੰ ਕਿਤਾਬੀ ਰੂਪ ਦੇਣ ਜਾ ਰਹੀ ਹੈ ਤਾਂ ਜੋ ਡਿਪ੍ਰੈਸ਼ਨ ਨਾਲ ਜੂਝ ਰਹੇ ਲੋਕਾਂ ਨੂੰ ਕੋਈ ਸੇਧ ਮਿਲ ਸਕੇ। ਇੱਕ ਸਮਾਂ ਆਇਆ ਸੀ ਜਦੋਂ ਦੀਪਿਕਾ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ ਸੀ। ਉਸ ਨੇ ਇਸ ਬਾਰੇ ਖ਼ੁਦ ਲੋਕਾਂ ਨੂੰ ਦੱਸਿਆ। ਉਸ ਨੇ ਡਿਪ੍ਰੈਸ਼ਨ ਨਾਲ ਜੂਝ ਰਹੇ ਲੋਕਾਂ ਲਈ ਇੱਕ ਸੰਸਥਾ ਦੀ ਵੀ ਸ਼ੁਰੂਆਤ ਕੀਤੀ ਹੈ। ਹੁਣ ਉਸ ਦੀ ਇਹ ਕਹਾਣੀ ਬੱਚਿਆਂ ਦੀ ਇੱਕ ਕਿਤਾਬ ‘ਚ ਛਪਣ ਜਾ ਰਹੀ ਹੈ।
ਕਿਤਾਬ ਦਾ ਨਾਂ ਦਾ ਡੌਟ ਦੈਟ ਵੈਂਟ ਫ਼ੌਰ ਆ ਵਾਕ ਹੋਵੇਗਾ। ਇਸ ਕਿਤਾਬ ‘ਚ ਕਰੀਬ 51 ਭਾਰਤੀ ਔਰਤਾਂ ਦੀਆਂ ਕਹਾਣੀਆਂ ਹੋਣਗੀਆਂ ਜਿਨ੍ਹਾਂ ਦੀ ਜ਼ਿੰਦਗੀ ਤੋਂ ਕੁੱਝ ਸਿੱਖਣ ਨੂੰ ਮਿਲਦਾ ਹੈ। ਇਹ ਕਿਤਾਬ ਬੱਚਿਆਂ ਨੂੰ ਔਰਤਾਂ ਦੇ ਸ਼ਕਤੀਕਰਨ ਬਾਰੇ ਵੀ ਦੱਸੇਗੀ। ਕਿਤਾਬ ਵਿਚਲੀਆਂ ਕਹਾਣੀਆਂ ਨੂੰ ਚਿਤਰਾਂ ਜ਼ਰੀਏ ਵੀ ਪ੍ਰਗਟਾਇਆ ਜਾਵੇਗਾ। 51 ਆਰਟਿਸਟਸ ਇਨ੍ਹਾਂ ਚਿਤਰਾਂ ਨੂੰ ਤਿਆਰ ਕਰਨਗੇ। ਦੀਪਿਕਾ ਦੀ ਕਹਾਣੀ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਰਿਤੂ ਭੱਟਾਚਾਰੀਆ ਨੂੰ ਸੌਂਪੀ ਗਈ ਹੈ।
ਬੀਤੇ ਇੱਕ ਸਾਲ ਤੋਂ ਦੀਪਿਕਾ ਦੀ ਕੋਈ ਫ਼ਿਲਮ ਰਿਲੀਜ਼ ਨਹੀਂ ਹੋਈ, ਪਰ ਜਲਦੀ ਹੀ ਉਹ ਫ਼ਿਲਮ ਛਪਾਕ ਨਾਲ ਪਰਦੇ ‘ਤੇ ਵਾਪਸੀ ਕਰ ਰਹੀ ਹੈ। ਇਸ ਦਾ ਨਿਰਦੇਸ਼ਨ ਮੇਘਨਾ ਗ਼ੁਲਜ਼ਾਰ ਕਰੇਗੀ। ਇਸ ਤੋਂ ਇਲਾਵਾ ਹੋਰ ਫ਼ਿਲਮਾਂ ਬਾਰੇ ਵੀ ਦੀਪਿਕਾ ਦੀ ਕਈ ਨਿਰਮਾਤਾਵਾਂ ਨਾਲ ਗੱਲ ਚੱਲ ਰਹੀ ਹੈ। ਪਹਿਲਾਂ ਚਰਚਾ ਚੱਲੀ ਸੀ ਕਿ ਦੀਪਿਕਾ ਰਣਵੀਰ ਸਿੰਘ ਨਾਲ ਫ਼ਿਲਮ 83 ਵਿੱਚ ਨਜ਼ਰ ਆਵੇਗੀ, ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਦੀਪਿਕਾ ਇਹ ਫ਼ਿਲਮ ਨਹੀਂ ਕਰ ਰਹੀ।