ਦੁਬਈ – ICC ਨੇ ਅੰਬਾਤੀ ਰਾਇਡੂ ਦੇ ਕੌਮਾਂਤਰੀ ਕ੍ਰਿਕਟ ਵਿੱਚ ਗੇਂਦਬਾਜ਼ੀ ‘ਤੇ ਪਾਬੰਦੀ ਲਾ ਦਿੱਤੀ ਹੈ ਕਿਉਂਕਿ ਇਸ ਭਾਰਤੀ ਕ੍ਰਿਕਟਰ ਨੇ 14 ਦਿਨ ਦੀ ਤੈਅ ਸਮਾਂ ਸੀਮਾ ਦੇ ਅੰਦਰ ਆਪਣੇ ਸ਼ੱਕੀ ਐਕਸ਼ਨ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ। ਰਾਇਡੂ ਦੇ ਐਕਸ਼ਨ ਦੀ ਸ਼ਿਕਾਇਤ 13 ਜਨਵਰੀ ਨੂੰ ਆਸਟਰੇਲੀਆ ਖ਼ਿਲਾਫ਼ ਪਹਿਲੇ ਇੱਕ ਰੋਜ਼ਾ ਮੈਚ ਦੌਰਾਨ ਕੀਤੀ ਗਈ ਸੀ।
ICC ਨੇ ਇੱਕ ਬਿਆਨ ਵਿੱਚ ਕਿਹਾ, ”ਇਸ ਖਿਡਾਰੀ ਨੇ 14 ਦਿਨ ਦੀ ਸਮਾਂ ਸੀਮਾ ਦੇ ਅੰਦਰ ਆਪਣੇ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਲਿਹਾਜ਼ਾ ਉਨ੍ਹਾਂ ਦੇ ਕੌਮਾਂਤਰੀ ਕ੍ਰਿਕਟ ਵਿੱਚ ਗੇਂਦਬਾਜ਼ੀ ਕਰਨ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ।” ICC ਨੇ ਕਿਹਾ ਕਿ ਜਾਂਚ ਹੋਣ ਤਕ ਇਹ ਪਾਬੰਦੀ ਲਾਗੂ ਰਹੇਗੀ। ਉਸ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਹ ਸਹੀ ਐਕਸ਼ਨ ਨਾਲ ਗੇਂਦਬਾਜ਼ੀ ਕਰ ਸਕਦਾ ਹੈ।”
ਰਾਇਡੂ BCCI ਦੀ ਸਹਿਮਤੀ ਨਾਲ ਘਰੇਲੂ ਕ੍ਰਿਕਟ ਵਿੱਚ ਗੇਂਦਬਾਜ਼ੀ ਕਰ ਸਕਦਾ ਹੈ। ਰਾਇਡੂ ਹਾਲਾਂਕਿ ਬੱਲੇਬਾਜ਼ ਹੈ, ਅਤੇ ਇੱਕ ਰੋਜ਼ਾ ਕ੍ਰਿਕਟ ਵਿੱਚ ਹੁਣ ਤਕ ਉਸ ਨੇ 49 ਮੈਚਾਂ ਵਿੱਚ ਸਿਰਫ਼ 121 ਗੇਂਦਾਂ ਪਾਈਆਂ ਹਨ।