ਲਖਨਊ— ਲੋਕ ਸਭਾ ਚੋਣਾਂ 2019 ‘ਚ ਆਪਣੀ-ਆਪਣੀ ਜਿੱਤ ਨੂੰ ਪੱਕਾ ਕਰਨ ਲਈ ਸਾਰੀਆਂ ਪਾਰਟੀਆਂ ਜੁੱਟ ਗਈਆਂ ਹਨ। ਇਸੇ ਲੜੀ ਵਿਚ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੁਪਰੀਮੋ ਮਾਇਆਵਤੀ ਨੇ ਲਖਨਊ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਦੋਹਾਂ ਨੇ 38-38 ਸੀਟਾਂ ‘ਤੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਸਪਾ-ਬਸਪਾ ਦਾ ਇਕੱਠੇ ਲੋਕ ਸਭਾ ਚੋਣਾਂ ਦਾ ਕਰੀਬ 25 ਸਾਲ ਬਾਅਦ ਇਤਿਹਾਸਕ ਐਲਾਨ ਹੋਇਆ ਹੈ। ਗਠਜੋੜ ਤੋਂ ਕਾਂਗਰਸ ਨੂੰ ਬਾਹਰ ਰੱਖਿਆ ਗਿਆ ਹੈ। ਗਾਂਧੀ ਪਰਿਵਾਰ ਦੇ ਗੜ੍ਹ ਅਮੇਠੀ ਅਤੇ ਰਾਏਬਰੇਲੀ ਵਿਚ ਗਠਜੋੜ ਉਮੀਦਵਾਰ ਨਹੀਂ ਉਤਾਰੇਗਾ। ਬਾਕੀ 2 ਸੀਟਾਂ ਹੋਰ ਦਲਾਂ ਲਈ ਰੱਖੀਆਂ ਗਈਆਂ ਹਨ। ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਵਿਚੋਂ 38-38 ਸੀਟਾਂ ‘ਤੇ ਸਪਾ-ਬਸਪਾ ਚੋਣ ਲੜਣਗੀਆਂ। ਬਸਪਾ ਸੁਪਰੀਮੋ ਨੇ ਕਿਹਾ ਕਿ ਜਿਸ ਤਰ੍ਹਾਂ 1993 ‘ਚ ਅਸੀਂ ਇਕੱਠੇ ਮਿਲ ਕੇ ਭਾਜਪਾ ਨੂੰ ਹਰਾਇਆ ਸੀ, ਉਂਝ ਹੀ ਇਸ ਵਾਰ ਹਰਾਵਾਂਗੇ। ਇੱਥੇ ਦੱਸ ਦੇਈਏ ਕਿ 1993 ਵਿਚ ਸਮਾਜਵਾਦੀ ਪਾਰਟੀ ਨਾਲ ਮਾਨਯਵਰ ਕਾਂਸ਼ੀਰਾਮ ਅਤੇ ਮੁਲਾਇਮ ਸਿੰਘ ਯਾਦਵ ਵਲੋਂ ਗਠਜੋੜ ਕਰ ਕੇ ਚੋਣਾਂ ਲੜੀਆਂ ਗਈਆਂ ਸਨ।
ਮਾਇਆਵਤੀ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਪੀ. ਐੱਮ. ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਯਾਨੀ ਗੁਰੂ-ਚੇਲੇ ਦੀ ਨੀਂਦ ਉਡਾਉਣ ਵਾਲੇ ਹਾਂ। ਉਨ੍ਹਾਂ ਨੇ ਇਸ ਗਠਜੋੜ ਨੂੰ ਨਵੀਂ ਸਿਆਸੀ ਕ੍ਰਾਂਤੀ ਦਾ ਆਗਾਜ਼ ਦੱਸਿਆ। ਗਠਜੋੜ ਨਾਲ ਸਮਾਜ ਦੀਆਂ ਬਹੁਤ ਉਮੀਦਾਂ ਜਾਗ ਗਈਆਂ ਹਨ। ਇਹ ਸਿਰਫ 2 ਪਾਰਟੀਆਂ ਦਾ ਮੇਲ ਨਹੀਂ ਹੈ, ਸਗੋਂ ਕਿ ਸਰਵਸਮਾਜ ਦਾ ਮੇਲ ਹੈ। ਮਾਇਆਵਤੀ ਨੇ ਇਸ ਦੇ ਨਾਲ ਹੀ ਕਿਹਾ ਕਿ ਸਪਾ ਅਤੇ ਬਸਪਾ ਦਾ ਗਠਜੋੜ ਸਥਾਈ ਹੈ। ਸਾਲ 2019 ਵਿਚ ਹੀ ਨਹੀਂ ਅਸੀਂ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਵੀ ਇਕੱਠੇ ਲੜਾਂਗੇ। ਉੱਥੇ ਹੀ ਪ੍ਰੈੱਸ ਕਾਨਫਰੰਸ ‘ਚ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਇਸ ਗਠਜੋੜ ਨਾਲ ਭਾਜਪਾ ਘਬਰਾ ਗਈ ਹੈ। ਅਖਿਲੇਸ਼ ਨੇ ਇਸ ਦੇ ਨਾਲ ਹੀ ਕਿਹਾ ਕਿ ਸਪਾ ਅਤੇ ਬਸਪਾ ਭਾਜਪਾ ਦਾ ਮਿਲ ਕੇ ਸਫਾਇਆ ਕਰਨਗੇ। ਬਸਪਾ ਸੁਪਰੀਮੋ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਵਾਲ ‘ਤੇ ਅਖਿਲੇਸ਼ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ (ਯੂ. ਪੀ.) ਨੇ ਹਮੇਸ਼ਾ ਪ੍ਰਧਾਨ ਮੰਤਰੀ ਦਿੱਤਾ ਹੈ, ਮੈਂ ਚਾਹਾਂਗਾ ਕਿ ਇਸ ਵਾਰ ਵੀ ਯੂ. ਪੀ. ਤੋਂ ਪ੍ਰਧਾਨ ਮੰਤਰੀ ਮਿਲੇ।