ਚੰਡੀਗੜ੍ਹ- ਸੋਸ਼ਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਨਾਮਾਂ ਨੂੰ ਲੈ ਕੇ ਚੱਲ ਰਹੇ ਕੂੜ ਪ੍ਰਚਾਰ ਦਾ ਖੰਡਨ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਝੂਠ ਦਾ ਪੁਲੰਦਾ ਅਤੇ ਨੀਚ ਹਰਕਤ ਕਰਾਰ ਦਿੱਤਾ ਹੈ। ਪਾਰਟੀ ਵੱਲੋਂ ਜਾਰੀ ਬਿਆਨ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਲੀਗਲ ਵਿੰਗ ਦੇ ਮੁਖੀ ਅਤੇ ਸਪੋਕਸਪਰਸਨ ਐਡਵੋਕੇਟ ਜਸਤੇਜ ਸਿੰਘ ਅਰੋੜਾ ਨੇ ਕਿਹਾ ਕਿ ਅਜਿਹੇ ਕੂੜ ਪ੍ਰਚਾਰ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਰੱਤੀ ਭਰ ਵਿੱਚ ਸੱਚ ਨਹੀਂ ਹੈ। ਐਡਵੋਕੇਟ ਅਰੋੜਾ ਨੇ ਕਿਹਾ ਕਿ ਪੰਚਾਇਤੀ ਚੋਣਾਂ ਅਤੇ ਬਰਨਾਲਾ ਰੈਲੀ ਦੀ ਸਫਲਤਾ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਰੋਧੀਆਂ ਦੀ ਨੀਂਦ ਉੱਡੀ ਹੋਈ ਹੈ ਅਤੇ ਹੁਣ ਉਹ ਆਪ ਖਿਲਾਫ ਗਿਣ ਮਿੱਥ ਕੇ ਅਜਿਹੀਆਂ ਘਟੀਆ ਸਾਜ਼ਿਸ਼ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਕੂੜ ਪ੍ਰਚਾਰ ਕਰਨ ਵਾਲੀਆਂ ਅਤੇ ਫੁੱਟਪਾਊ ਤਾਕਤਾਂ ਤੋਂ ਸੁਚੇਤ ਰਹਿਣ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੇ ਕੂੜ ਪ੍ਰਚਾਰ ਕਰਨ ਵਾਲੀ ਵੈਬਸਾਈਟ ਅਤੇ ਹੋਰ ਸ਼ਰਾਰਤੀ ਲੋਕਾਂ ਖਿਲਾਫ ਕਾਨੂੰਨੀ ਅਤੇ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ।