ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਜ਼ੀਰਾਬਾਦ ਇਲਾਕੇ ਵਿਚ ਨਾਲੇ ਦੀ ਸਫਾਈ ਦੌਰਾਨ ਸਾਹ ਘੁੱਟਣ ਕਰ ਕੇ ਮਰਨ ਵਾਲੇ ਇਕ ਸਫਾਈ ਕਰਮਚਾਰੀ ਦੇ ਪਰਿਵਾਰ ਨਾਲ ਬੁੱਧਵਾਰ ਨੂੰ ਮੁਲਾਕਾਤ ਕੀਤੀ। ਕੇਜਰੀਵਾਲ ਨੇ ਮ੍ਰਿਤਕ ਦੇ ਪਰਿਵਾਰ ਨੂੰ ਇਕ ਨੌਕਰੀ ਅਤੇ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਕੇਜਰੀਵਾਲ ਨੇ ਗਾਂਧੀ ਵਿਹਾਰ ਇਲਾਕੇ ਵਿਚ ਪਰਿਵਾਰ ਨੂੰ ਮਿਲਣ ਤੋਂ ਬਾਅਦ ਕਿਹਾ, ”ਇਹ ਬਹੁਤ ਦੁਖਦਾਈ ਘਟਨਾ ਹੈ।”
ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਨਾਲਿਆਂ ਅਤੇ ਸੀਵਰਾਂ ਦੀ ਸਫਾਈ ਲਈ ਬਹੁਤ ਸਖਤ ਨਿਯਮ ਬਣਾਏ ਹਨ ਪਰ ਕਈ ਵਾਰ ਕੁਝ ਠੇਕੇਦਾਰ ਅਤੇ ਇੰਜੀਨੀਅਰ ਨਿਯਮਾਂ ਦਾ ਉਲੰਘਣ ਕਰਦੇ ਹਨ ਅਤੇ ਉੱਚਿਤ ਸੁਰੱਖਿਆ ਕਿਟ ਦੇ ਬਿਨਾਂ ਹੀ ਮਜ਼ਦੂਰਾਂ ਨੂੰ ਨਾਲੇ ਜਾਂ ਸੀਵਰ ਅੰਦਰ ਜਾਣ ਨੂੰ ਕਹਿੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਹ ਅਜਿਹਾ ਹੀ ਮਾਮਲਾ ਲੱਗਦਾ ਹੈ। ਅਸੀਂ ਇਸ ਵਿਚ ਸ਼ਾਮਲ ਠੇਕੇਦਾਰ ਅਤੇ ਇੰਜੀਨੀਅਰ ਵਿਰੁੱਧ ਸਖਤ ਕਾਰਵਾਈ ਕਰਾਂਗੇ।
ਓਧਰ ਇਸ ਮਾਮਲੇ ਨੂੰ ਲੈ ਕੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਲੀ ਸਰਕਾਰ ਨੂੰ ਨੋਟਿਸ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕਰਮਚਾਰੀ ਨੂੰ ਚਿਹਰਾ ਢੱਕਣ ਲਈ ਮਾਸਕ, ਸਾਹ ਸਬੰਧੀ ਯੰਤਰ, ਵਰਦੀ ਅਤੇ ਹੋਰ ਸੁਰੱਖਿਆ ਯੰਤਰ ਨਹੀਂ ਦਿੱਤੇ ਗਏ ਸਨ। ਦੱਸਣਯੋਗ ਹੈ ਕਿ ਉੱਤਰੀ ਦਿੱਲੀ ਦੇ ਵਜ਼ੀਰਾਬਾਦ ਇਲਾਕੇ ਵਿਚ ਐਤਵਾਰ ਨੂੰ ਇਕ ਭੂਮੀਗਤ ਨਾਲੇ ਦੀ ਸਫਾਈ ਦੌਰਾਨ ਉਸ ਵਿਚ ਫਸ ਜਾਣ ਨਾਲ ਠੇਕੇ ‘ਤੇ ਕੰਮ ਕਰ ਰਹੇ 37 ਸਾਲਾ ਸਫਾਈ ਕਰਮਚਾਰੀ ਕਿਸ਼ਨ ਦੀ ਮੌਤ ਹੋ ਗਈ ਸੀ।