ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧਣ ਤੋਂ ਪਰੇਸ਼ਾਨ ਦਿੱਲੀ ਵਾਸੀਆਂ ਨੂੰ ਮੰਗਲਵਾਰ ਨੂੰ ਸਾਫ ਆਬੋ-ਹਵਾ ਵਿਚ ਸਾਹ ਲੈਣ ਦਾ ਮੌਕਾ ਮਿਲਿਆ। ਭਾਰੀ ਮੀਂਹ ਕਾਰਨ ਪ੍ਰਦੂਸ਼ਣ ਦਾ ਪੱਧਰ ਕਾਫੀ ਘੱਟ ਹੋ ਗਿਆ ਅਤੇ ਮੰਗਲਵਾਰ ਨੂੰ ਇਸ ਸਾਲ ਦੀ ਸਭ ਤੋਂ ਚੰਗੀ ਹਵਾ ਗੁਣਵੱਤਾ ਦਰਜ ਕੀਤੀ ਗਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਸ਼ਹਿਰ ਦਾ ਏਅਰ ਕੁਆਲਿਟੀ ਲੈਵਲ 133 ਦਰਜ ਕੀਤਾ ਗਿਆ ਜੋ ਕਿ ਮੱਧ ਸ਼੍ਰੇਣੀ ਵਿਚ ਆਉਂਦਾ ਹੈ। ਦਿੱਲੀ ਵਾਸੀ ਪਿਛਲੇ ਕੁਝ ਮਹੀਨਿਆਂ ਤੋਂ ਹਾਨੀਕਾਰਕ ਪ੍ਰਦੂਸ਼ਣ ਪੱਧਰ ਨਾਲ ਜੂਝ ਰਹੇ ਹਨ ਅਤੇ ਪਿਛਲੇ ਮਹੀਨੇ ਤੋਂ ਹਵਾ ਗੁਣਵੱਤਾ ਬਹੁਤ ਖਰਾਬ ਅਤੇ ਗੰਭੀਰ ਸ਼੍ਰ੍ਰੇਣੀ ਵਿਚ ਬਣੀ ਰਹੀ। ਇੱਥੇ ਦੱਸ ਦੇਈਏ ਕਿ ਏਅਰ ਕੁਆਲਿਟੀ ਲੈਵਲ 100 ਅਤੇ 200 ਵਿਚਾਲੇ ਰਹੇ ਤਾਂ ਉਸ ਨੂੰ ਮੱਧ ਸ਼੍ਰੇਣੀ, 201 ਤੋਂ 300 ਵਿਚਾਲੇ ਨੂੰ ਖਰਾਬ, 301 ਅਤੇ 400 ਵਿਚਾਲੇ ਬਹੁਤ ਖਰਾਬ, 401 ਅਤੇ 500 ਵਿਚਾਲੇ ਗੰਭੀਰ ਸ਼੍ਰੇਣੀ ਵਿਚ ਮੰਨਿਆ ਜਾਂਦਾ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੱਸਿਆ ਕਿ ਦੋ ਇਲਾਕਿਆਂ ਵਿਚ ਮੰਗਲਵਾਰ ਨੂੰ ਹਵਾ ਦੀ ਗੁਣਵੱਤਾ ਤਸੱਲੀਬਖਸ਼ ਦਰਜ ਕੀਤੀ ਗਈ, ਜਦਕਿ 32 ਇਲਾਕਿਆਂ ਵਿਚ ਇਹ ਮੱਧ ਸ਼੍ਰੇਣੀ ਵਿਚ ਰਹੀ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਖੇਤਰ, ਨੋਇਡਾ, ਫਰੀਦਾਬਾਦ, ਗਾਜੀਆਬਾਦ, ਗੁੜਗਾਂਵ ਅਤੇ ਗ੍ਰੇਟਰ ਨੋਇਡਾ ਵਿਚ ਹਵਾ ਦੀ ਗੁਣਵੱਤਾ ਮੱਧ ਸ਼੍ਰੇਣੀ ਦੀ ਰਹੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਦੂਸ਼ਣ ਪੱਧਰ ਵਿਚ ਗਿਰਾਵਟ ਦੀ ਵਜ੍ਹਾ ਦਿੱਲੀ-ਐੱਨ. ਸੀ. ਆਰ. ਵਿਚ ਹੋਈ ਭਾਰੀ ਮੀਂਹ ਹੈ।