ਚੇਨਈ — ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ ਨੂੰ ਤਾਮਿਲਨਾਡੂ ‘ਚ ‘ਗਾਜਾ’ ਤੂਫਾਨ ਤੋਂ ਪ੍ਰਭਾਵਿਤ ਜ਼ਿਲਿਆਂ ਵਿਚ ਪੀੜਤ ਲੋਕਾਂ ਦੀ ਮਦਦ ਅਤੇ ਮੁੜਵਸੇਬੇ ਲਈ 14.35 ਲੱਖ ਰੁਪਏ ਦਿੱਤੇ ਹਨ। ਇਸਰੋ ਦੇ ਪ੍ਰਧਾਨ ਡਾ. ਕੇ. ਸ਼ਿਵਨ ਨੇ ਮੁੱਖ ਮੰਤਰੀ ਈ. ਕੇ. ਪਾਲਾਨੀਸਾਮੀ ਨਾਲ ਉਨ੍ਹਾਂ ਦੇ ਦਫਤਰ ਵਿਚ ਮੁਲਾਕਾਤ ਕਰ ਕੇ ਮੁੱਖ ਮੰਤਰੀ ਜਨ ਰਾਹਤ ਫੰਡ ਵਿਚ 14.35 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਇਸਰੋ ਦੇ ਸੰਚਾਲਕ ਕੰਪਲੈਕਸ ਦੇ ਡਾਇਰੈਕਟਰ ਟੀ. ਮੋਕਾਯਾ ਵੀ ਹਾਜ਼ਰ ਸਨ।
ਦੱਸਣਯੋਗ ਹੈ ਕਿ ਬੀਤੇ ਸਾਲ ਨਵੰਬਰ 2018 ਨੂੰ ਤਾਮਿਲਨਾਡੂ ‘ਚ ਤੂਫਾਨ ‘ਗਾਜਾ’ ਨੇ ਆਪਣਾ ਕਹਿਰ ਵਰ੍ਹਾਇਆ ਸੀ। ਇਸ ਤੂਫਾਨ ਕਾਰਨ ਵੱਡੇ ਪੱਧਰ ‘ਤੇ ਸੜਕਾਂ, ਘਰ ਨੁਕਸਾਨੇ ਗਏ ਸਨ। ਤੇਜ਼ ਤੂਫਾਨ ਅਤੇ ਮੀਂਹ ਕਾਰਨ ਦਰੱਖਤ ਟੁੱਟ ਕੇ ਗੱਡੀਆਂ ‘ਤੇ ਡਿੱਗ ਗਏ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਸੀ। ਗਾਜਾ ਤੂਫਾਨ ਦੇ ਕਹਿਰ ਕਾਰਨ ਸਕੂਲਾਂ-ਕਾਲਜਾਂ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਤੂਫਾਨ ਕਾਰਨ 45 ਲੋਕ ਮਾਰੇ ਗਏ ਅਤੇ 2,50,000 ਲੋਕ ਬੇਘਰ ਹੋ ਗਏ। ਤਾਮਿਲਨਾਡੂ ਦੇ ਜ਼ਿਲੇ ਪੁਡੂਚੇਰੀ ਵਿਚ ਲਗਾਤਾਰ 4 ਦਿਨ ਲੋਕ ਬਿਨਾਂ ਭੋਜਨ ਅਤੇ ਪਾਣੀ ਦੇ ਰਹੇ। ਨਾਗਾਪੱਟਨਮ ਅਤੇ ਪੁਡੂਕੋਟਈ ਜ਼ਿਲਿਆਂ ਵਿਚ ਰੋਡ ਬਲਾਕ ਹੋ ਅਤੇ ਕਈ ਘਰ ਹਨ੍ਹੇਰੇ ਵਿਚ ਡੁੱਬ ਗਏ ਸਨ।