ਨਵੀਂ ਦਿੱਲੀ – ਕੌਮਾਂਤਰੀ ਕ੍ਰਿਕਟ ‘ਚ ਦੌੜਾਂ ਅਤੇ ਸੈਂਕੜਿਆਂ ਦੀ ਝੜੀ ਲਾਉਣ ਵਾਲੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਲਈ 2018 ਸਾਲ ਬੇਹੱਦ ਸ਼ਾਨਦਾਰ ਰਿਹਾ। ਹੁਣ ਨਵੇਂ ਸਾਲ 2019 ਦੀਆਂ ਚੁਣੌਤੀਆਂ ਉਸ ਦਾ ਇੰਤਜ਼ਾਰ ਕਰ ਰਹੀਆਂ ਹਨ। ਮੌਜੂਦਾ ਦੌਰ ‘ਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ‘ਚ ਸ਼ੁਮਾਰ ਕੋਹਲੀ ਨੂੰ ਬੱਲੇਬਾਜ਼ ਦੇ ਤੌਰ ‘ਤੇ ਹੀ ਨਹੀਂ ਸਗੋਂ ਕਪਤਾਨ ਦੇ ਤੌਰ ‘ਤੇ ਵੱਡੀ ਚੁਣੌਤੀ ਤੋਂ ਗੁਜ਼ਰਨਾ ਹੋਵੇਗਾ। ਕੋਹਲੀ ਲਈ ਆਪਣੀ ਸ੍ਰੇਸ਼ਠਤਾ ਸਾਬਿਤ ਕਰਨ ਦਾ ਇਹ ਇੱਕ ਵੱਡਾ ਮੌਕਾ ਹੋਵੇਗਾ।
2019 ‘ਚ ਵਿਰਾਟ ਕੋਹਲੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਇੰਗਲੈਂਡ ‘ਚ ਹੋਣ ਵਾਲਾ 50 ਓਵਰਾਂ ਦਾ ਕ੍ਰਿਕਟ ਵਰਲਡ ਕੱਪ। ਕੋਹਲੀ ਦੀ ਕਪਤਾਨੀ ਦੀ ਪ੍ਰੀਖਿਆ ਇਸੇ ਟੂਰਨਾਮੈਂਟ ਤੋਂ ਹੋਵੇਗੀ। 2019 ਵਰਲਡ ਕੱਪ ਹੀ ਕੋਹਲੀ ਦੀ ਕਪਤਾਨੀ ਦੀ ਦਸ਼ਾ ਅਤੇ ਦਿਸ਼ਾ ਤੈਅ ਕਰ ਸਕਦਾ ਹੈ। ਕੋਹਲੀ ਕੋਲ ਕਪਿਲ ਦੇਵ ਅਤੇ ਮਹਿੰਦਰ ਸਿੰਘ ਧੋਨੀ ਦੇ ਕਲੱਬ ‘ਚ ਸ਼ਾਮਿਲ ਹੋਣ ਦਾ ਸੁਨਹਿਰੀ ਮੌਕਾ ਹੋਵੇਗਾ। 1983 ‘ਚ ਭਾਰਤ ਨੂੰ ਕਪਿਲ ਦੇਵ ਨੇ ਪਹਿਲੀ ਵਾਰ ਵਰਲਡ ਕੱਪ ਜਿਤਾਇਆ ਸੀ। ਉਸ ਦੇ ਠੀਕ 28 ਸਾਲਾਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਭਾਰਤ ਨੂੰ 2011 ਦਾ ਵਰਲਡ ਕੱਪ ਚੈਂਪੀਅਨ ਬਣਾਇਆ। ਹੁਣ ਅੱਠ ਸਾਲ ਬਾਅਦ ਵਿਰਾਟ ਕੋਹਲੀ ‘ਤੇ ਭਾਰਤ ਨੂੰ ਤੀਜਾ ਵਰਲਡ ਕੱਪ ਜਿਤਾਉਣ ਦੀ ਜ਼ਿੰਮੇਵਾਰੀ ਹੈ।
ਵਿਰਾਟ ਕੋਹਲੀ ਆਪਣੀ ਹਮਲਾਵਰ ਖੇਡ ਲਈ ਜਾਣਿਆ ਜਾਂਦਾ ਹੈ। ਬੱਲੇਬਾਜ਼ੀ ਹੋਵੇ ਜਾਂ ਕਪਤਾਨੀ ਵਿਰਾਟ ਕੋਹਲੀ ਆਪਣਾ ਹਮਲਾਵਰ ਰੁਖ਼ ਬਰਕਰਾਰ ਰਖਦੇ ਹਨ ਅਤੇ ਉਹ ਆਪਣੀਆਂ ਭਾਵਨਾਵਾਂ ਲੁਕਾਉਂਦੇ ਨਹੀਂ। ਸਾਲ 2008 ‘ਚ ਅੰਡਰ 19 ਟੀਮ ਨੂੰ ਵਰਲਡ ਚੈਂਪੀਅਨ ਬਣਾਉਣ ਵਾਲੇ ਕਪਤਾਨ ਕੋਹਲੀ ਲਈ ਵਰਲਡ ਕੱਪ 2019 ਕਰੀਅਰ ਦਾ ਸਭ ਤੋਂ ਵੱਡਾ ਪੜਾਅ ਅਤੇ ਮੌਕਾ ਸਾਬਿਤ ਹੋਵੇਗਾ ਜਿਸ ਦਾ ਉਸ ਨੇ ਸੁਪਨਾ ਦੇਖਿਆ ਹੋਵੇਗਾ। ਵਰਲਡ ਕੱਪ ਦਾ ਇੰਗਲੈਂਡ ‘ਚ ਆਯੋਜਨ ਵਿਰਾਟ ਕੋਹਲੀ ਲਈ ਐਡਵਾਂਟੇਜ ਹੋ ਸਕਦਾ ਹੈ ਕਿਉਂਕਿ ਦੋ ਸਾਲ ਪਹਿਲਾਂ ਕੋਹਲੀ ਦੀ ਇਸੇ ਧਰਤੀ ‘ਤੇ ਵਰਲਡ ਕੱਪ ਰਿਹਰਸਲ ਹੋ ਚੁੱਕੀ ਹੈ। 2017 ‘ਚ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਖੇਡੇ ਗਏ ਮਿਨੀ ਵਰਲਡ ਕੱਪ ਭਾਵ ਚੈਂਪੀਅਨਜ਼ ਟਰਾਫ਼ੀ ‘ਚ ਭਾਰਤ ਨੂੰ ਟੂਰਨਾਮੈਂਟ ਦੇ ਫ਼ਾਈਨਲ ਤਕ ਪਹੁੰਚਾਇਆ ਸੀ, ਪਰ ਇਸ ਵਾਰ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਭਾਰਤ ਨੂੰ ਚੈਂਪੀਅਨਜ਼ ਟਰਾਫ਼ੀ 2017 ਦਾ ਉੱਪ ਜੇਤੂ ਬਣਾਉਣ ਵਾਲਾ ਕੋਹਲੀ ਇਸ ਵਾਰ ਭਾਰਤੀ ਟੀਮ ਨੂੰ ਵਰਲਡ ਕੱਪ ਜਿਤਾ ਦੇਵੇ।
ਇਸ ਸਾਲ ਇੰਗਲੈਂਡ ‘ਚ ਵਰਲਡ ਕੱਪ 30 ਮਈ ਤੋਂ 14 ਜੁਲਾਈ ਤਕ ਖੇਡਿਆ ਜਾਵੇਗਾ। ਇਸ ਦੌਰਾਨ ਉੱਥੇ ਕਾਫ਼ੀ ਗਰਮੀ ਹੋਵੇਗੀ ਜਿਸ ਕਰ ਕੇ ਇੰਗਲੈਂਡ ਦੇ ਹਾਲਾਤ ਭਾਰਤ ਨੂੰ ਰਾਸ ਆਉਣਗੇ। ਅਜਿਹੇ ‘ਚ ਵਿਰਾਟ ਬ੍ਰਿਗੇਡ ਕੋਲ ਚੰਗਾ ਮੌਕਾ ਹੋਵੇਗਾ। ਭਾਰਤੀ ਟੀਮ ਕਾਫ਼ੀ ਸੰਤੁਲਿਤ ਨਜ਼ਰ ਆ ਰਹੀ ਹੈ, ਪਰ ਉਸ ਦੇ ਸਾਹਮਣੇ ਵਰਲਡ ਕੱਪ ‘ਚ ਮੇਜ਼ਬਾਨ ਇੰਗਲੈਂਡ, ਆਸਟਰੇਲੀਆ, ਸਾਊਥ ਐਫ਼ਰੀਕਾ ਅਤੇ ਪਾਕਿਸਤਾਨ ਜਿਹੀਆਂ ਟੀਮਾਂ ਦੀ ਚੁਣੌਤੀ ਹੋਵੇਗੀ। ਜੇਕਰ ਵਿਰਾਟ ਬ੍ਰਿਗੇਡ ਦੋ ਸਾਲ ਪਹਿਲਾਂ ਚੈਂਪੀਅਨਜ਼ ਟਰਾਫ਼ੀ ‘ਚ ਕੀਤੇ ਆਪਣੇ ਪ੍ਰਦਰਸ਼ਨ ਨੂੰ ਦੁਹਰਾਉਣ ‘ਚ ਕਾਮਯਾਬ ਹੁੰਦੀ ਹੈ ਤਾਂ ਭਾਰਤ ਨੂੰ ਵਰਲਡ ਕੱਪ ਜਿੱਤਣ ਤੋਂ ਕੋਈ ਨਹੀਂ ਰੋਕ ਸਕਦਾ।
ਭਾਰਤੀ ਟੀਮ ਕੋਲ ਕਪਤਾਨ ਵਿਰਾਟ ਕੋਹਲੀ ਸਣੇ ਰੋਹਿਤ ਸ਼ਰਮਾ, ਮਹਿੰਦਰ ਸਿੰਘ ਧੋਨੀ, ਹਾਰਦਿਕ ਪੰਡਯਾ, ਸ਼ਿਖਰ ਧਵਨ, ਕੁਲਦੀਪ ਯਾਦਵ ਅਤੇ ਜਸਪ੍ਰੀਤ ਬੁਮਰਾਹ ਜਿਹੇ ਸਟਾਰ ਖਿਡਾਰੀ ਹਨ। ਅਜਿਹੇ ‘ਚ ਬਾਕੀ ਟੀਮਾਂ ‘ਤੇ ਉਸ ਦਾ ਪਲੜਾ ਭਾਰੀ ਹੋਵੇਗਾ। ਵਰਲਡ ਕੱਪ ਦੇ ਇਤਿਹਾਸ ‘ਚ ਰਿਕਾਰਡ ਪੰਜ ਵਾਰ ਖ਼ਿਤਾਬ ਆਸਟਰੇਲੀਆ ਨੇ ਜਿੱਤਿਆ ਹੈ। ਆਸਟਰੇਲੀਆ ਤੋਂ ਬਾਅਦ ਵਰਲਡ ਕੱਪ ਦੀਆਂ ਕਾਮਯਾਬ ਟੀਮਾਂ ਦੀ ਗੱਲ ਕਰੀਏ ਤਾਂ ਉਸ ‘ਚ 2-2 ਖਿਤਾਬ ਦੇ ਨਾਲ ਸੰਯੁਕਤ ਤੌਰ ‘ਤੇ ਭਾਰਤ ਅਤੇ ਵੈੱਸਟਇੰਡੀਜ਼ ਦੇ ਨਾਂ ਸ਼ਾਮਿਲ ਹਨ। ਭਾਰਤ ਟੀਮ ਜੇਕਰ 2019 ਦਾ ਵਰਲਡ ਕੱਪ ਜਿੱਤ ਲੈਂਦੀ ਹੈ ਤਾਂ ਉਹ ਤਿੰਨ ਖ਼ਿਤਾਬ ਦੇ ਨਾਲ ਆਸਟਰੇਲੀਆ ਤੋਂ ਬਾਅਦ ਦੂਜੀ ਸਭ ਤੋਂ ਕਾਮਯਾਬ ਟੀਮ ਬਣ ਜਾਵੇਗੀ।