ਨਵੀਂ ਦਿੱਲੀ— ਦਿੱਲੀ ‘ਚ ਐਤਵਾਰ ਨੂੰ ਨੈਸ਼ਨਲ ਅਕਾਲੀ ਦਲ ਵਲੋਂ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੇ ਮੱਦੇਨਜ਼ਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਜੰਤਰ-ਮੰਤਰ ‘ਤੇ ਰੋਸ ਮਾਰਚ ਕੱਢਿਆ ਗਿਆ। ਇਸ ਰੋਸ ਮਾਰਚ ਦੀ ਅਗਵਾਈ ਸਰਦਾਰ ਪਰਮਜੀਤ ਸਿੰਘ ਪੰਮਾ ਨੇ ਕੀਤੀ, ਜਿਨ੍ਹਾਂ ਨੂੰ ਦੁਨੀਆ ਦਾ ਸਭ ਤੋਂ ਗੁਸੈਲ ਆਦਮੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰ ਦੀ ਨਾਕਾਮੀ ਰਹੀ ਹੈ ਕਿ ਅੱਜ ਤੱਕ ਆਜ਼ਾਦੀ ਲਈ ਜਿਨ੍ਹਾਂ ਨੇ ਜਾਨ ਗਵਾਈ, ਉਨ੍ਹਾਂ ਨੂੰ ਸ਼ਹੀਦ ਨਹੀਂ ਮੰਨਿਆ ਜਾਂਦਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸੰਘਰਸ਼ ਕਰਦੇ ਰਹੇ ਹਾਂ। ਪੰਮਾ ਨੇ ਕਿਹਾ ਕਿ ਜੇਕਰ 26 ਜਨਵਰੀ ਨੂੰ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਉਨ੍ਹਾਂ ਵੱਲੋਂ ਚੋਣਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਇਹ ਅੰਦੋਲਨ ਪੂਰੇ ਦੇਸ਼ ‘ਚ ਲਿਜਾਇਆ ਜਾਵੇਗਾ। ਇਸ ਅੰਦੋਲਨ ‘ਚ ਸਾਰੇ ਧਰਮਾਂ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਲਿਆ ਜਾਵੇਗਾ।
ਪੰਮਾ ਨੇ ਕਿਹਾ,”ਜੋ ਵੀ ਸਰਕਾਰਾਂ ਆਈਆਂ ਹਨ, ਸਿਰਫ ਸ਼ਹੀਦਾਂ ਦੇ ਨਾਂ ‘ਤੇ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਹਨ। ਸ਼ਹੀਦਾਂ ਦੇ ਪਰਿਵਾਰਾਂ ‘ਤੇ ਵੀ ਕਿਸੇ ਸਰਕਾਰ ਵੱਲੋਂ ਧਿਆਨ ਨਹੀਂ ਦਿੱਤਾ ਗਿਆ।” ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਇਸ ਵੱਲ ਧਿਆਨ ਨਹੀਂ ਦਿੰਦੀ ਤਾਂ ਉਹ ਸਰਕਾਰ ਦਾ ਵਿਰੋਧ ਕਰਨਗੇ। ਜੇਕਰ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਤਾਂ ਜੋ ਵੀ ਸੰਸਦ ਮੈਂਬਰ, ਵਿਧਾਇਕ ਅਤੇ ਕੌਂਸਲਰ ਹੋਣਗੇ, ਉਨ੍ਹਾਂ ਦਾ ਘਿਰਾਅ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਘਰਾਂ ‘ਚੋਂ ਬਾਹਰ ਨਹੀਂ ਨਿਕਲਣ ਦੇਵਾਂਗਾ।