ਜਲੰਧਰ : ਬਰਗਾੜੀ ਕਾਂਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਤੋਂ ਟੁੱਟ ਕੇ ਬਣੇ ਟਕਸਾਲੀ ਅਕਾਲੀ ਦਲ ਦੀ ਭਰਪਾਈ ਕਰਨ ਲਈ ਅਕਾਲੀ ਦਲ ‘ਆਪ’ ਦੀ ਟੁੱਟ ‘ਤੇ ਜ਼ਿਆਦਾ ਭਰੋਸਾ ਕਰ ਰਹੀ ਹੈ। ਨਾ ਕੇਵਲ ‘ਆਪ’ ਤੋਂ ਅਸੰਤੁਸ਼ਟ ਨੇਤਾਵਾਂ ਨੂੰ ਅਕਾਲੀ ਦਲ ‘ਚ ਸ਼ਾਮਲ ਕੀਤਾ ਜਾਂਦਾ ਹੈ। ਸਗੋਂ ਉਥੋਂ ਆਏ ਨੇਤਾਵਾਂ ਨੂੰ ਚੰਗੇ ਅਹੁਦਿਆਂ ਨਾਲ ਵੀ ਨਿਵਾਜਿਆ ਜਾ ਰਿਹਾ ਹੈ। ਦੋਆਬਾ ਹਲਕੇ ‘ਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖਾਸ ਨਜ਼ਰ ਰੱਖ ਰਹੇ ਹਨ ਅਤੇ ‘ਆਪ’ ਤੋਂ ਆਏ ਨੇਤਾਵਾਂ ਨੂੰ ਖਾਸ ਸਨਮਾਨ ਦਿੱਤਾ ਜਾ ਰਿਹਾ ਹੈ।
ਜਲੰਧਰ ਜ਼ਿਲੇ ਦੀ ਗੱਲ ਕਰੀਏ ਤਾਂ ‘ਆਪ’ ਪਾਰਟੀ ਨੇ ਜਲੰਧਰ ਕੈਂਟ ਤੋਂ ਨੌਜਵਾਨ ਨੇਤਾ ਐੱਚ. ਐੱਸ. ਵਾਲੀਆ ਤੇ ਸ਼ਾਹਕੋਟ ਤੋਂ ਨੌਜਵਾਨ ਨੇਤਾ ਡਾ. ਅਮਰਜੀਤ ਸਿੰਘ ਨੇ ਚੋਣ ਲੜੀ ਸੀ। ਦੋਵਾਂ ਨੇਤਾਵਾਂ ਨੇ ਕਾਫੀ ਸਾਰੇ ਵੋਟ ਹਾਸਲ ਕੀਤੇ ਸਨ ਪਰ ਪਾਰਟੀ ਦੀਆਂ ਗਲਤ ਨੀਤੀਆਂ ਕਾਰਨ ਦੋਵਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਸੀ। ਦੋਵਾਂ ਨੇਤਾਵਾਂ ਨੇ ਕਾਂਗਰਸ ‘ਚ ਜਾਣ ਦੀ ਬਜਾਏ ਆਪਣਾ ਭਵਿੱਖ ਅਕਾਲੀ ਦਲ ‘ਚ ਖੋਜਿਆ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਖੁਦ ਇਨ੍ਹਾਂ ਦੇ ਘਰ ਜਾ ਕੇ ਇਨ੍ਹਾਂ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕੀਤਾ ਅਤੇ ਦੋਆਬਾ ‘ਚ ਪਾਰਟੀ ਦੀ ਮਜ਼ਬੂਤ ਨੀਂਹ ਰੱਖੀ। ਦਰਸਅਲ ਜਗਬੀਰ ਬਰਾੜ ਦੇ ਅਕਾਲੀ ਦਲ ਨੂੰ ਛੱਡਣ ਤੋਂ ਬਾਅਦ ਪਾਰਟੀ ਨੂੰ ਜਲੰਧਰ ਕੈਂਟ ਤੋਂ ਕੋਈ ਮਜ਼ਬੂਤ ਨੇਤਾ ਨਹੀਂ ਮਿਲ ਰਿਹਾ ਸੀ, ਕਿਉਂਕਿ ਸਰਬਜੀਤ ਮੱਕੜ ਨੂੰ ਕੈਂਟ ਤੋਂ ਲੋਕ ਅਸੈਪਟ ਨਹੀਂ ਕਰ ਰਹੇ।
ਕੁਝ ਅਜਿਹਾ ਹੀ ਹਾਲ ਸ਼ਾਹਕੋਟ ਹਲਕੇ ਦਾ ਹੈ। ਉਥੋਂ ਪਾਰਟੀ ਦੇ ਮਜ਼ਬੂਤ ਸਤੰਭ ਰਹੇ ਅਜੀਤ ਸਿੰਘ ਕੋਹਾੜ ਦੀ ਮੌਤ ਤੋਂ ਬਾਅਦ ਪਿਆ ਘਾਟਾ ਡਾ. ਅਮਰਜੀਤ ਸਿੰਘ ਥਿੰਦ ਨੂੰ ਪਾਰਟੀ ‘ਚ ਸ਼ਾਮਲ ਕਰ ਕੇ ਪੂਰਾ ਕਰ ਲਿਆ ਹੈ। ਸੁਖਬੀਰ ਸਿੰਘ ਬਾਦਲ ਵੀ ਚਾਹੁੰਦੇ ਹਨ ਕਿ 2022 ਚੋਣਾਂ ਦੀ ਤਿਆਰੀ ਤੋਂ ਪਹਿਲਾਂ ਨੌਜਵਾਨ ਨੇਤਾਵਾਂ ਦੇ ਮੋਢੇ ‘ਤੇ ਅਕਾਲੀ ਦਲ ਦੀ ਰਾਜਨੀਤੀ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਹੁਣ ਇਨ੍ਹਾਂ ਦੋਵਾਂ ਨੇਤਾਵਾਂ ਨੂੰ ਪਾਰਟੀ ਨੇ ਬਤੌਰ ਚੀਫ ਸਪੋਕਸਪਰਸਨ ਯੂਥ ਵਿੰਗ ਨਿਯੁਕਤ ਕਰ ਕੇ ਸਾਫ ਸੰਕੇਤ ਦੇ ਦਿੱਤੇ ਹਨ ਕਿ ਆਉਣ ਵਾਲੇ ਸਮੇਂ ‘ਚ ਇਨ੍ਹਾਂ ਦੋਵਾਂ ਹਲਕਿਆਂ ‘ਚ ਅਕਾਲੀ ਦਲ ਦੀ ਰਾਜਨੀਤੀ ਇਨ੍ਹਾਂ ਦੋਵਾਂ ਨੇਤਾਵਾਂ ਦੇ ਆਲੇ-ਦੁਆਲੇ ਘੁੰਮਦੀ ਹੈ।