ਵੋਟਰ ਸੂਚੀਆਂ ਦੀ ਵਿਸ਼ੇਸ਼ ਸਮੀਖਿਆ ਬਾਰੇ ਦੱਸਿਆ
ਚੰਡੀਗੜ, – ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਮੁਕੰਮਲ ਹੋਣ ਤੋਂ ਬਾਅਦ ਸੂਬੇ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸਵਾਦੀ), ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਸ਼ਾਮਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਾਜੂ ਨੇ ਆਖਿਆ ਕਿ 31 ਜਨਵਰੀ ਨੂੰ ਵੋਟਰ ਸੂਚੀਆਂ ਦੀ ਅੰਤਮ ਪ੍ਰਕਾਸ਼ਨਾ ਹੋਵੇਗੀ। ਇਸ ਵਿਸ਼ੇਸ਼ ਸੁਧਾਈ ਦੌਰਾਨ ਵੋਟਰ ਸੂਚੀਆਂ ਵਿੱਚ ਦਰਜ ਦੋਹਰੇ ਇੰਦਰਾਜ ਕੱਟਣ ਉਤੇ ਧਿਆਨ ਕੇਂਦਰਤ ਰਿਹਾ। ਇਸ ਤੋਂ ਇਲਾਵਾ ਸਥਾਈ ਤੌਰ ਉਤੇ ਪਤਾ ਬਦਲਣ ਵਾਲੇ ਅਤੇ ਮ੍ਰਿਤਕ ਵੋਟਰਾਂ ਦੀਆਂ ਵੋਟਾਂ ਵੀ ਕੱਟੀਆਂ ਗਈਆਂ। ਉਨ•ਾਂ ਵੋਟਰ ਸੂਚੀਆਂ ਦੇ ਖਰੜੇ ਬਾਬਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਤੋਂ ਇਤਰਾਜ਼ ਮੰਗੇ ਸਨ। ਨੁਮਾਇੰਦਿਆਂ ਨੇ ਵੋਟਰ ਸੂਚੀਆਂ ਦੇ ਖਰੜੇ ਉਤੇ ਤਸੱਲੀ ਪ੍ਰਗਟ ਕੀਤੀ ਪਰ ਉਨ•ਾਂ ਆਪਣੇ (ਬੂਥ ਲੈਵਲ ਏਜੰਟ) ਬੀ.ਐਲ.ਏ. ਨਿਯੁਕਤ ਕਰਨ ਤੋਂ ਫਿਲਹਾਲ ਅਸਮਰੱਥਾ ਜ਼ਾਹਰ ਕੀਤੀ। ਉਨ•ਾਂ ਨੇੜ ਭਵਿੱਖ ਵਿੱਚ ਬੀ.ਐਲ.ਏ. ਨਿਯੁਕਤ ਕਰਨ ਦਾ ਭਰੋਸਾ ਦਿੱਤਾ। ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੋਟਰ ਸੂਚੀਆਂ ਵਿੱਚ ਦਿਵਿਆਂਗ ਵਿਅਕਤੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਆਗਾਮੀ ਲੋਕ ਸਭਾ ਚੋਣਾਂ ਦੀ ਫੀਲਡ ਤਿਆਰੀ ਸਬੰਧੀ ਚੋਣ ਕਮਿਸ਼ਨ ਵੱਲੋਂ ਕੀਤੇ ਪ੍ਰਬੰਧਾਂ ਉਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਡਾ. ਰਾਜੂ ਨੇ ਦੱਸਿਆ ਕਿ ਜੇ ਕੋਈ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਰਹਿ ਗਿਆ ਤਾਂ ਵੋਟਰ ਸੂਚੀਆਂ ਦੀ ਹੋਣ ਵਾਲੀ ਲਗਾਤਾਰ ਸੁਧਾਈ (ਕੰਟੀਨਿਊਸ਼ਨ ਅਪਡੇਸ਼ਨ) ਵਿੱਚ ਉਨ•ਾਂ ਕੋਲ ਵੋਟ ਬਣਾਉਣ ਦਾ ਇਕ ਹੋਰ ਮੌਕਾ ਹੈ। ਉਹ ਵੋਟ ਬਣਾਉਣ ਲਈ ਕਦੇ ਵੀ ਅਰਜ਼ੀ ਦੇ ਸਕਦੇ ਹਨ। ਇਸ ਲਈ ਐਨ.ਪੀ.ਏ. ਵਿੱਚ ਵੀ ਬਿਨੈ ਕੀਤਾ ਜਾ ਸਕਦਾ ਹੈ। ਇਸ ਬਾਰੇ ਲੋਕਾਂ ਵਿੱਚ ਗਲਤਫਹਿਮੀ ਹੈ ਕਿ ਵਿਸ਼ੇਸ਼ ਸੁਧਾਈ (ਸਪੈਸ਼ਲ ਸਮਰੀ ਰਿਵੀਜ਼ਨ) ਮੁਕੰਮਲ ਹੋਣ ਮਗਰੋਂ ਵੋਟਾਂ ਨਹੀਂ ਬਣਦੀਆਂ ਹਨ। ਇਹ ਪ੍ਰਕਿਰਿਆ ਕਦੇ ਵੀ ਬੰਦ ਨਹੀਂ ਹੁੰਦੀ। ਇਹ ਪ੍ਰਕਿਰਿਆ 365 ਦਿਨ ਤੇ 24 ਘੰਟੇ ਚਲਦੀ ਰਹਿੰਦੀ ਹੈ। ਇਸ ਭੁਲੇਖੇ ਨੂੰ ਮੁੱਖ ਚੋਣ ਅਧਿਕਾਰੀ ਨੇ ਦੂਰ ਕੀਤਾ। ਉਨ•ਾਂ ਜ਼ੋਰ ਦੇ ਕੇ ਆਖਿਆ ਕਿ ਚੋਣ ਪ੍ਰਚਾਰ ਮੁਹਿੰਮ ਦੌਰਾਨ ਸਿਆਸੀ ਪਾਰਟੀਆਂ ਨੈਤਿਕ ਵੋਟਿੰਗ (ਐਥੀਕਲ ਵੋਟਿੰਗ) ਲਈ ਕੋਸ਼ਿਸ਼ ਕਰਨ।
‘ਹਰੇਕ ਯੋਗ ਵਿਅਕਤੀ ਵੋਟਰ ਬਣੇ’ ਪ੍ਰੋਗਰਾਮ ਉਤੇ ਜ਼ੋਰ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਹਰੇਕ ਯੋਗ ਵਿਅਕਤੀ ਨੂੰ ਵੋਟਰ ਬਣਾਉਣ ਅਤੇ ਚੋਣ ਪ੍ਰਕਿਰਿਆ ਵਿੱਚ ਆਪਣੇ ਸੰਵਿਧਾਨਕ ਹੱਕ ਦੀ ਵਰਤੋਂ ਲਈ ਪ੍ਰੇਰਿਤ ਕਰਨ। ਹੋਰ ਵੇਰਵੇ ਦਿੰਦਿਆਂ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਇਸ ਮੁਹਿੰਮ ਦੌਰਾਨ ਕਲਾ, ਸਾਹਿਤ, ਪੱਤਰਕਾਰੀ, ਖੇਡਾਂ, ਨਿਆਂ ਪਾਲਿਕਾ, ਸਮਾਜ ਸੇਵਾ ਖੇਤਰ ਦੀਆਂ ਮਸ਼ਹੂਰ ਹਸਤੀਆਂ ਅਤੇ ਦਿਵਿਆਂਗ ਵਿਅਕਤੀਆਂ ਦੇ ਨਾਂ ਦੀ ਵੋਟਰ ਸੂਚੀਆਂ ਵਿੱਚ ਨਿਸ਼ਾਨਦੇਹੀ ਤੇ ਫਲੈਗ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਇਸ ਵਾਰ ਵੋਟਾਂ ਬਣਾਉਣ ਲਈ ਕਿੰਨਰ ਸਮਾਜ ਤੇ ਨੌਜਵਾਨਾਂ ਉਤੇ ਵੱਧ ਧਿਆਨ ਕੇਂਦਰਤ ਕੀਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਡਾ. ਰਾਜੂ ਨੇ ਕਿਹਾ ਕਿ ਕਮਿਸ਼ਨ ਅਗਲੇ ਦਿਨਾਂ ਵਿੱਚ ਮਸ਼ਹੂਰ ਥਾਵਾਂ ਉਤੇ ਈ.ਵੀ.ਐਮਜ਼ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਵਿਸ਼ੇਸ਼ ਡਿਸਪਲੇਅ ਦਾ ਪ੍ਰਬੰਧ ਕਰੇਗਾ।
ਹੁਣ ਤੱਕ ਦੀ ਪ੍ਰਕਿਰਿਆ ਉਤੇ ਸਮੂਹ ਰਾਜਨੀਤਕ ਪਾਰਟੀਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਚੋਣਾਂ ਦੌਰਾਨ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ।