ਸਿਡਨੀ – ਆਸਟਰੇਲੀਆ ਖ਼ਿਲਾਫ਼ ਪਹਿਲੇ ਮੁਕਾਬਲੇ ਵਿੱਚ ਹਾਰ ਤੋਂ ਬਾਅਦ ਇਸ ਸਾਲ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਖ਼ਿਲਾਫ਼ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਹੋ ਗਈ ਹੈ। ਦੱਸ ਦਈਏ ਕਿ ਇਸ ਮੁਕਾਬਲੇ ਵਿੱਚ ਰਾਇਡੂ ਨੇ ਸਿਰਫ਼ ਦੋ ਓਵਰ ਗੇਂਦਬਾਜ਼ੀ ਕੀਤੀ ਸੀ। ਅੰਬਾਤੀ ਰਾਇਡੂ ਖ਼ਿਲਾਫ਼ ਸ਼ਿਕਾਇਤ 12 ਜਨਵਰੀ ਨੂੰ ਆਸਟਰੇਲੀਆ ਅਤੇ ਭਾਰਤ ਵਿਚਾਲੇ ਖੇਡੇ ਗਏ ਮੁਕਾਬਲੇ ਤੋਂ ਬਾਅਦ ਹੋਈ। ਮੈਚ ਦੀ ਅਧਿਕਾਰਿਕ ਰਿਪੋਰਟ ਇੰਡੀਆ ਮੈਨੇਜਮੈਂਟ ਨੂੰ ਸੌਂਪਦਿਆਂ ਰਾਇਡੂ ਦੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ।
ICC ਦੀ ਕਾਰਵਾਈ ਤਹਿਤ ਹੁਣ ਰਾਇਡੂ ਦੇ ਗੇਂਦਬਾਜ਼ੀ ਐਕਸ਼ਨ ‘ਤੇ ਨਜ਼ਰ ਰੱਖੀ ਜਾਵੇਗੀ। ਇੰਨਾ ਹੀ ਨਹੀਂ 14 ਦਿਨ ਦੇ ਅੰਦਰ ਰਾਇਡੂ ਨੂੰ ਆਪਣੇ ਗੇਂਦਬਾਜ਼ੀ ਐਕਸ਼ਨ ਨੂੰ ਲੈ ਕੇ ਟੈੱਸਟਿੰਗ ਦਾ ਸਾਹਮਣਾ ਕਰਨਾ ਹੋਵੇਗਾ। ਹਾਲਾਂਕਿ ਰਿਪੋਰਟ ਦਾ ਨਤੀਜਾ ਆਉਣ ਤਕ ਰਾਇਡੂ ਨੂੰ ਗੇਂਦਬਾਜ਼ੀ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ, ਫ਼ਿਰ ਵੀ ਟੀਮ ਇੰਡੀਆ ਨੇ ਦੂਸਰੇ ਵੰਨ ਡੇ ਵਿੱਚ ਰਾਇਡੂ ਤੋਂ ਇੱਕ ਵੀ ਓਵਰ ਨਹੀਂ ਕਰਵਾਇਆ ਅਤੇ ਉਸ ਦੀ ਜਗ੍ਹਾ ਵਰਤੇ ਗਏ ਛੇਵੇਂ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਪਣੇ ਦਸ ਓਵਰਾਂ ਵਿੱਚ 76 ਦੌੜਾਂ ਲੁਟਾਈਆਂ।