ਦਾਦਰ – ਮੁੰਬਈ ਸ਼ਹਿਰ ਦੇ ਖਾਰ ਜੀਮਖ਼ਾਨਾ ਕਲੱਬ ਨੇ ਹਰਫ਼ਨਮੌਲਾ ਹਾਰਦਿਕ ਪੰਡਯਾ ਤੋਂ ਕਲੱਬ ਦੀ ਔਨਰੇਰੀ ਮੈਂਬਰਸ਼ਿਪ ਵਾਪਿਸ ਲੈ ਲਈ ਹੈ। ਇੱਕ ਟੀਵੀ ਸ਼ੋਅ ‘ਤੇ ਮਹਿਲਾਵਾਂ ਨੂੰ ਲੈ ਕੇ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ਲਈ BCCI ਨੇ ਪੰਡਯਾ ਅਤੇ ਕੇ.ਐੱਲ. ਰਾਹੁਲ ਨੂੰ ਜਾਂਚ ਹੋਣ ਤਕ ਮੁਅੱਤਲ ਕਰ ਦਿੱਤਾ ਸੀ।
ਖਾਰ ਜੀਮਖ਼ਾਨਾ ਦੇ ਜਨਰਲ ਸਕੱਤਰ ਗੌਰਵ ਕਪਾੜੀਆ ਨੇ ਪੱਤਰਕਾਰਾਂ ਨੂੰ ਦੱਸਿਆ, ”ਹਾਰਦਿਕ ਪੰਡਯਾ ਨੂੰ ਅਕਤੂਬਰ 2018 ‘ਚ ਤਿੰਨ ਸਾਲ ਦੀ ਔਨਰੇਰੀ ਮੈਂਬਰਸ਼ਿਪ ਦਿੱਤੀ ਗਈ ਸੀ, ਪਰ ਕਲੱਬ ਦੀ ਪ੍ਰਬੰਧ ਕਮੇਟੀ ਨੇ ਹੁਣ ਇਸ ਨੂੰ ਵਾਪਿਸ ਲੈਣ ਦਾ ਫ਼ੈਸਲਾ ਕੀਤਾ ਹੈ।” ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਮੈਂਬਰਸ਼ਿਪ ਚੰਗਾ, ਪਰਿਵਾਰਿਕ ਕਿਰਦਾਰ ਰੱਖਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਂਦੀ ਹੈ। ਖਾਰ ਜੀਮਖ਼ਾਨਾ ਮੁੰਬਈ ਦੇ ਸਰਵਸ੍ਰੇਸ਼ਠ ਕਲੱਬਾਂ ‘ਚੋਂ ਇੱਕ ਹੈ।