ਛੇਤੀ ਹੀ ਲਵ ਆਜ ਕਲ ਦਾ ਸੀਕੁਅਲ ਬਣੇਗਾ ਜਿਸ ‘ਚ ਸਾਰ੍ਹਾ ਮੁੱਖ ਭੂਮਿਕਾ ਨਿਭਾਉਣ ਵਾਲੀ ਸੀ ਜਦਕਿ ਹੁਣ ਸਾਰ੍ਹਾ ਦੀ ਥਾਂ ਕਿਆਰਾ ਅਡਵਾਨੀ ਨੂੰ ਇਸ ਲਈ ਫ਼ਾਈਨਲ ਕਰ ਲਿਆ ਗਿਆ ਹੈ …
ਅਦਾਕਾਰਾ ਸਾਰ੍ਹਾ ਅਲੀ ਖ਼ਾਨ ਦੀਆਂ ਪਿਛਲੇ ਮਹੀਨੇ ਦੋ ਫ਼ਿਲਮਾਂ ਰਿਲੀਜ਼ ਹੋਈਆਂ ਹਨ ਜਿਨ੍ਹਾਂ ਵਿੱਚ ਉਸ ਦੀ ਡੈਬਿਊ ਫ਼ਿਲਮ ਕੇਦਾਰਨਾਥ ਅਤੇ ਸਿੰਬਾ ਸ਼ਾਮਲ ਹਨ। ਇਨ੍ਹਾਂ ਫ਼ਿਲਮਾਂ ਦੀ ਸਫ਼ਲਤਾ ਤੋਂ ਬਾਅਦ ਸਾਰ੍ਹਾ ਨੂੰ ਕਈ ਵੱਡੀਆਂ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ। ਹਾਲ ਹੀ ‘ਚ ਚਰਚਾ ਸੀ ਕਿ ਸਾਰ੍ਹਾ ਲਵ ਆਜ ਕਲ ਫ਼ਿਲਮ ਦੇ ਸੀਕੁਅਲ ‘ਚ ਨਜ਼ਰ ਆਵੇਗੀ, ਪਰ ਤਾਜ਼ਾ ਜਾਣਕਾਰੀ ਮੁਤਾਬਿਕ ਉਹ ਇਹ ਸੀਕੁਅਲ ਨਹੀਂ ਕਰੇਗੀ।
ਸਾਲ 2009 ‘ਚ ਰਿਲੀਜ਼ ਹੋਈ ਸੁਪਰਹਿੱਟ ਫ਼ਿਲਮ ਲਵ ਆਜ ਕਲ ਦਾ ਸੀਕੁਅਲ ਜਲਦੀ ਬਣਨ ਜਾ ਰਿਹਾ ਹੈ। ਕਿਹਾ ਜਾ ਰਿਹਾ ਸੀ ਕਿ ਇਸ ‘ਚ ਲੀਡ ਰੋਲ ਲਈ ਸਾਰ੍ਹਾ ਅਤੇ ਕਾਰਤਿਕ ਆਰਿਅਨ ਨੂੰ ਲਿਆ ਗਿਆ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਇਸ ਸੀਕੁਅਲ ‘ਚ ਸਾਰ੍ਹਾ ਨੂੰ ਨਹੀਂ ਸਗੋਂ ਕਿਸੇ ਹੋਰ ਹੀਰੋਇਨ ਨੂੰ ਸਾਈਨ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਸਾਰ੍ਹਾ ਦੀ ਜਗ੍ਹਾ ਕਿਆਰਾ ਅਡਵਾਨੀ ਨੂੰ ਇਸ ਸੀਕੁਅਲ ਲਈ ਫ਼ਾਈਨਲ ਕੀਤਾ ਗਿਆ ਹੈ।
ਲਵ ਆਜ ਕਲ ਦਾ ਨਿਰਦੇਸ਼ਕ ਇਮਤਿਆਜ਼ ਅਲੀ ਹੀ ਇਸ ਸੀਕੁਅਲ ਦਾ ਵੀ ਨਿਰਦੇਸ਼ਨ ਕਰੇਗਾ। ਉਹ ਚਾਹੁੰਦਾ ਹੈ ਕਿ ਇਹ ਸੀਕੁਅਲ ਪਹਿਲੇ ਭਾਗ ਨਾਲੋਂ ਬਿਲਕੁਲ ਵੱਖਰਾ ਹੋਵੇ। ਦੱਸਿਆ ਜਾ ਰਿਹਾ ਹੈ ਕਿ ਇਸ ਫ਼ਿਲਮ ਲਈ ਕਾਰਤਿਕ ਇਮਤਿਆਜ਼ ਦੀ ਪਹਿਲੀ ਪਸੰਦ ਸੀ ਅਤੇ ਉਸ ਤੋਂ ਤੁਰੰਤ ਬਾਅਦ ਹੀ ਉਸ ਨੇ ਕਿਆਰਾ ਨੂੰ ਸਾਈਨ ਕਰ ਲਿਆ। ਫ਼ਿਲਹਾਲ ਇਸ ਫ਼ਿਲਮ ਦੀ ਸਕ੍ਰਿਪਟ ‘ਤੇ ਕੰਮ ਚੱਲ ਰਿਹਾ ਹੈ।
ਇਹ ਮੌਜੂਦਾ ਦੌਰ ਦੀ ਇੱਕ ਰੋਮੈਂਟਿਕ ਕੌਮੇਡੀ ਕਹਾਣੀ ‘ਤੇ ਬਣੇਗੀ। ਜ਼ਿਕਰਯੋਗ ਹੈ ਕਿ ਲਵ ਆਜ ਕਲ ਦੇ ਪਹਿਲੇ ਭਾਗ ‘ਚ ਸੈਫ਼ ਅਲੀ ਖ਼ਾਨ ਅਤੇ ਦੀਪਿਕਾ ਪਾਦੁਕੋਣ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਵਿੱਚ ਰਿਸ਼ੀ ਕਪੂਰ ਨੇ ਵੀ ਅਹਿਮ ਕਿਰਦਾਰ ਨਿਭਾਇਆ ਸੀ। ਖ਼ੈਰ, ਸਾਰ੍ਹਾ ਅਲੀ ਖ਼ਾਨ ਨੂੰ ਬੌਲੀਵੁਡ ਦੀ ਸਭ ਤੋਂ ਵੱਡੀ ਡਾਂਸ ਫ਼ਿਲਮ ABCD-3 ਮਿਲ ਗਈ ਹੈ।