ਜ਼ਿੰਦਗੀ ਵਿੱਚ ਕਈ ਵਾਰ ਸਾਡਾ ਸਾਹਮਣਾ ਅਜਿਹੀਆਂ ਚੁਣੌਤੀਆਂ ਨਾਲ ਹੋ ਜਾਂਦਾ ਹੈ ਜਿਹੜੀਆਂ ਸਾਡੇ ਮੂਲ ਸੁਭਾਅ, ਭਾਵ ਜੋ ਅਸੀਂ ਹਾਂ, ਨੂੰ ਹੀ ਮੁੜਪ੍ਰਭਾਸ਼ਿਤ ਕਰ ਦਿੰਦੀਆਂ ਹਨ। ਆਪਣੀਆਂ ਸਾਰੀਆਂ ਸਾਧਾਰਣ ਤਕਨੀਕਾਂ ਦਾ ਇਸਤੇਮਾਲ ਕਰਨ ਦੇ ਬਾਵਜੂਦ ਸਾਨੂੰ ਲਗਦਾ ਨਹੀਂ ਕਿ ਅਸੀਂ ਕੋਈ ਖ਼ਾਸ ਪ੍ਰਗਤੀ ਕਰ ਪਾ ਰਹੇ ਹਾਂ। ਫ਼ਿਰ ਵੀ ਅਸੀਂ ਜਾਰੀ ਰਹਿਣ ਲਈ ਮਜਬੂਰ ਮਹਿਸੂਸ ਕਰਦੇ ਹਾਂ, ਇਸ ਗੱਲ ਲਈ ਪੁਰ ਉਮੀਦ ਕਿ ਮਸਲੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਹੋਵੇਗਾ। ਸ਼ਾਇਦ ਸਾਡੀ ਨਿਰਾਸ਼ਾ ਦਾ ਲੈਣਾ ਦੇਣਾ ਸਾਡੇ ਸਾਹਮਣੇ ਖੜ੍ਹੀ ਚੁਣੌਤੀ ਨਾਲ ਘੱਟ ਹੋਵੇ ਅਤੇ ਇਸ ਗੱਲ ਨਾਲ ਵਧੇਰੇ ਕਿ ਅਸੀਂ ਆਪਣੀ ਸ਼ਕਤੀ ਖਪਾ ਕਿੰਝ ਰਹੇ ਹਾਂ। ਤੁਹਾਡੇ ਕੋਲ ਇਸ ਵਕਤ ਆਪਣੇ ਆਪ ਨੂੰ ਪਰਖਣ ਅਤੇ ਪਰੰਪਰਾ ਨਾਲੋਂ ਤੋੜਨ ਦਾ ਮੌਕਾ ਹੈ। ਨਵੀਂ ਪਹੁੰਚ ਅਪਨਾਉਣ ਨਾਲ, ਇਹ ਓਨੀ ਮੁਸ਼ਕਿਲ ਸਾਬਿਤ ਨਹੀਂ ਹੋਵੇਗੀ ਜਿੰਨੀ ਇਹ ਜਾਪਦੀ ਹੈ, ਅਤੇ ਤੁਸੀਂ ਸੋਚਣ ਦੇ ਆਪਣੇ ਇੱਕ ਪ੍ਰਾਚੀਨ ਢੰਗ ਨੂੰ ਵੀ ਨਕਾਰ ਸਕੋਗੇ।
ਅਸੀਂ ਹਮੇਸ਼ਾ ਪੂਰੀ ਨਿਸ਼ਚਿਤਤਾ ਨਾਲ ਇਹ ਜਾਣਨ ਦਾ ਦਬਾਅ ਮਹਿਸੂਸ ਕਰਦੇ ਹਾਂ ਕਿ ਅਸੀਂ ਕਰ ਕੀ ਰਹੇ ਹਾਂ ਅਤੇ ਕਿੱਥੇ ਜਾ ਰਹੇ ਹਾਂ। ਸਾਡੇ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਅਸੀਂ ਆਪਣੇ ਭਵਿੱਖ ਦਾ ਖਰੜਾ ਅਜਿਹੇ ਫ਼ੌਰਮੈਟ ਵਿੱਚ ਬਣਾ ਕੇ ਪੇਸ਼ ਕਰੀਏ ਜਿਸ ਦੀ, ਲੋੜ ਪੈਣ ‘ਤੇ, ਪੌਵਰਪੁਆਇੰਟ ਪ੍ਰੈਜ਼ੈਨਟੇਸ਼ਨ ਵੀ ਦਿੱਤੀ ਜਾ ਸਕੇ। ਪੇਸ਼ਕਾਰੀ ਦੌਰਾਨ ਗ਼ਲਤੀਆਂ ਜਾਂ ਸ਼ੰਕਿਆਂ ਦੀ ਵੀ ਉੱਕਾ ਹੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਮਤਲਬ ਇਹ ਕਿ ਤੁਸੀਂ ਅਮਮਮ ਜਾਂ ਅਰਰਰ ਦਾ ਸਹਾਰਾ ਵੀ ਨਹੀਂ ਲੈ ਸਕਦੇ। ਪਰ ਮੰਨ ਲਓ ਕਿ ਤੁਹਾਨੂੰ ਪਤਾ ਹੀ ਨਾ ਹੋਵੇ, ਫ਼ਿਰ? ਮੰਨ ਲਓ ਤੁਹਾਨੂੰ, ਜੇ ਮੈਂ ਕਹਿਣ ਦੀ ਗ਼ੁਸਤਾਖ਼ੀ ਕਰ ਸਕਾਂ ਤਾਂ, ਕੋਈ ਸ਼ੰਕਾ ਹੋਵੇ? ਅਨਿਸ਼ਚਿਤਤਾ ਇੱਕ ਬਹੁਤ ਹੀ ਬੁਰਾ ਸਮਝਿਆ ਜਾਣ ਵਾਲਾ ਸ਼ਬਦ ਹੈ। ਬਿਨਾ ਕਿਸੇ ਚਿੰਤਾ ਦੇ ਇਸ ਵਿੱਚ ਆਰਾਮ ਨਾਲ ਰਹਿ ਸਕਣ ਲਈ ਨਿਸ਼ਚੇ ਅਤੇ ਭਰੋਸੇ ਦੀ ਲੋੜ ਪੈਂਦੀ ਹੈ, ਪਰ ਜੇ ਤੁਸੀਂ ਅਜਿਹਾ ਕਰ ਸਕੇ ਤਾਂ ਉਪਜਣ ਵਾਲੇ ਨਤੀਜੇ ਇਹ ਅਹਿਸਾਸ ਦਿਵਾਉਣਗੇ ਕਿ ਇੰਤਜ਼ਾਰ ਕਰਨਾ ਬੇਕਾਰ ਨਹੀਂ ਸੀ।
ਡਿੰਗ ਡੌਂਗ, ਡਿੰਗ ਡੌਂਗ! ਉਹ ਸੁਣੋ … ਦੂਰੋਂ ਕਿਤਿਓਂ ਘੰਟੀਆਂ ਦੇ ਵੱਜਣ ਦੀ ਧੁਨੀ ਆਉਂਦੀ ਪ੍ਰਤੀਤ ਹੁੰਦੀ ਹੈ। ਨਾ, ਨਾ, ਪਰੀਆਂ ਦੇ ਖੰਭ ਖੁੰਭ ਕੋਈ ਨਹੀਂ ਨਿਕਲ ਰਹੇ, ਇਹ ਤਾਂ ਉਸ ਤੋਂ ਕਿਤੇ ਵੱਡੇ ਮੌਕਿਆਂ ‘ਤੇ ਵੱਜਣ ਵਾਲੀਆਂ ਘੰਟੀਆਂ ਦੀ ਆਵਾਜ਼ ਲਗਦੀ ਹੈ। ਨਹੀਂ, ਨਹੀਂ, ਕਿਤੇ ਕਿਸੇ ਦੀਆਂ ਅੰਤਿਮ ਰਸਮਾਂ ਨਹੀਂ ਹੋ ਰਹੀਆਂ। ਸਗੋਂ ਇਸ ਦੇ ਬਿਲਕੁਲ ਉਲਟ ਹੈ। ਇਹ ਤਾਂ ਖ਼ੁਸ਼ੀ ਦੇ ਨਗਾੜੇ ਜਾਪਦੇ ਨੇ। ਬ੍ਰਹਿਮੰਡੀ ਟੱਲੀਆਂ ਦੀ ਖਲਬਲੀ … ਜਸ਼ਨਾਂ ਦੀਆਂ ਘੰਟੀਆਂ। ਸ਼ਾਇਦ ਮੈਂ ਕੁਝ ਜ਼ਿਆਦਾ ਹੀ ਵਧਾ ਚੜ੍ਹਾ ਕੇ ਪੇਸ਼ ਕਰ ਰਿਹਾਂ। ਪਰ ਬਹੁਤ ਛੇਤੀ ਆਉਣ ਵਾਲਾ ਸਮਾਂ ਨਵੀਂਆਂ ਸ਼ੁਰੂਆਤਾਂ ਦੇ ਅਜਿਹੇ ਮੌਕੇ ਲੈ ਕੇ ਆਵੇਗਾ ਜਿਹੜੇ ਤੁਹਾਡੇ ਕੰਨਾਂ ਲਈ ਕਿਸੇ ਸੰਗੀਤ ਤੋਂ ਘੱਟ ਨਹੀਂ ਹੋਣਗੇ। ਤੁਹਾਨੂੰ ਕਿਸੇ ਭਾਵਨਾਤਮਕ ਖੁਲ੍ਹਦਿਲੀ ਦਾ ਫ਼ਾਇਦਾ ਮਿਲ ਸਕਦੈ। ਕੁਝ ਚਿਰ ਲਈ ਆਪਣੇ ਦਿਲ ਨੂੰ ਗੱਡੀ ਚਲਾਉਣ ਦਾ ਮੌਕਾ ਦਿਓ, ਇਹ ਤੁਹਾਨੂੰ ਅਜਿਹੀਆਂ ਥਾਵਾਂ ‘ਤੇ ਲੈ ਕੇ ਜਾਵੇਗਾ ਜਿੱਥੇ ਜਾਣ ਦੀ ਸੰਭਾਵਨਾ ਬਾਰੇ ਤੁਹਾਡੇ ਫ਼ਰਿਸ਼ਤਿਆਂ ਨੇ ਵੀ ਕਲਪਨਾ ਨਹੀਂ ਕੀਤੀ ਹੋਣੀ।
ਅਸੀਂ ਕੀ ਬਣਨਾ ਚਾਹੁੰਦੇ ਹਾਂ ਇਹ ਇਸ ਗੱਲ ‘ਤੇ ਨਿਰਭਰ ਕਰਦੈ ਕਿ ਅਸੀਂ ਕਿਸ ਤਰ੍ਹਾਂ ਦੇਖੇ ਜਾਣਾ ਚਾਹੁੰਦੇ ਹਾਂ। ਹਾਲਾਂਕਿ ਇਹ ਦੋਹੇਂ ਖ਼ਿਆਲ ਸੁਣਨ, ਲਿਖਣ ਵਿੱਚ ਇੱਕੋ ਜਿਹੇ ਹੀ ਲੱਗਦੇ ਹਨ, ਪਰ ਇਨ੍ਹਾਂ ਵਿੱਚੋਂ ਇੱਕ, ਦੂਸਰੇ ਦੀ ਅਸਲੀ ਮਨਸ਼ਾ ਲੁਕੋ ਲੈਂਦੈ। ਉਦਾਹਰਣ ਦੇ ਤੌਰ ‘ਤੇ, ਕਿਸੇ ਅਜਿਹੇ ਵਿਅਕਤੀ ਦੀ ਕਲਪਨਾ ਕਰੋ ਜਿਹੜਾ ਦਿਖਾਈ ਤਾਂ ਦੇਣਾ ਚਾਹੁੰਦਾ ਹੋਵੇ ਉਮੀਦ ਦੇ ਕਿਸੇ ਮੁਜੱਸਮੇ ਵਾਂਗ ਪਰ ਅੰਦਰਖ਼ਾਤੇ ਇੱਛਾ ਰੱਖਦਾ ਹੋਵੇ ਦੂਸਰਿਆਂ ਨੂੰ ਆਪਣੀਆਂ ਕਠਪੁਤਲੀਆਂ ਬਣਾ ਕੇ ਨਚਾਉਣ ਦੀ। ਕਿਸੇ ਦੀ ਵੀ ਅਸਲੀ ਪ੍ਰੇਰਣਾ ਨੂੰ ਸਿਆਣਨਾ ਸੌਖਾ ਨਹੀਂ ਹੁੰਦਾ, ਜਾਂ, ਇੱਥੋਂ ਤਕ ਕਿ, ਆਪਣੀ ਖ਼ੁਦ ਦੀ ਨੂੰ ਵੀ ਨਹੀਂ। ਕੁਦਰਤ ਨੇ ਤੁਹਾਨੂੰ ਅਜਿਹੀ ਆਭਾ ਬਖ਼ਸ਼ੀ ਹੈ ਜਿਹੜੀ ਦੂਸਰਿਆਂ ਨੂੰ ਤੁਹਾਡੇ ਵਿਚਾਰਾਂ ਪ੍ਰਤੀ ਵਧੇਰੇ ਗ੍ਰਹਿਣਸ਼ੀਲ ਬਣਾਉਂਦੀ ਹੈ। ਇਸ ਦੀ ਵਰਤੋਂ ਆਪਣੇ ਕਿਸੇ ਪਰਉਪਕਾਰੀ ਏਜੰਡੇ ਨੂੰ ਅੱਗੇ ਵਧਾਉਣ ਲਈ ਕਰੋ ਅਤੇ ਤੁਸੀਂ ਜ਼ਰੂਰ ਸਫ਼ਲ ਹੋਵੋਗੇ।
ਇੱਕ ਵਾਰ ਜ਼ਰਾ ਆਪਣੀ ਜੰਕ ਈਮੇਲ ‘ਤੇ ਇੱਕ ਝਾਤੀ ਤਾਂ ਮਾਰ ਲਓ। ਉਸ ਨੂੰ ਪੱਕੇ ਤੌਰ ‘ਤੇ ਰੀਸਾਈਕਲ ਕਰਨ ਤੋਂ ਪਹਿਲਾਂ, ਇੱਕ ਵਾਰ ਰੁੱਕ ਕੇ ਉਸ ਹੁਨਰ ਅਤੇ ਜਤਨ ਦੀ ਦਾਦ ਜ਼ਰੂਰ ਦਿੰਦੇ ਜਾਓ ਜੋ ਉਸ ਨੂੰ ਤਿਆਰ ਕਰਨ ਵਿੱਚ ਲੱਗਾ ਹੈ। ਮਾਹਿਰਾਂ ਨੇ ਆਪਣੇ ਵਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹ ਤੁਹਾਡੇ ਲਈ ਕੋਈ ਅਜਿਹੀ ਚਿੱਠੀ ਲਿਖਣ ਜਾਂ ਤੁਹਾਨੂੰ ਅਜਿਹਾ ਸੁਨੇਹਾ ਘੱਲਣ ਜਿਸ ਨਾਲ ਤੁਸੀਂ ਸਹਿਮਤ ਹੋਵੋ ਅਤੇ ਉਸ ਸਬੰਧੀ ਆਪਣੀ ਪ੍ਰਤੀਕਿਰਿਆ ਦਿਓ। ਉਹ ਤੁਹਾਨੂੰ ਇਹ ਮਹਿਸੂਸ ਕਰਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦਾ ਸੰਦੇਸ਼ ਬਹੁਤ ਹੀ ਮਹੱਤਵਪੂਰਨ ਹੈ, ਅਤੇ ਜੇ ਤੁਸੀਂ ਉਨ੍ਹਾਂ ਦੀ ਔਫ਼ਰ ਨੂੰ ਮੰਨ ਲਿਆ ਤਾਂ ਤੁਹਾਡੇ ਜੀਵਨ ਦਾ ਪੱਧਰ ਅਚਨਚੇਤ ਹੀ ਸੁਧਰ ਜਾਵੇਗਾ। ਆਪਣੇ ਸੰਸਾਰ ਵਿੱਚ ਹੋਰ ਕਿੱਥੇ ਤੁਹਾਡੇ ਕੋਲੋਂ ਅਜਿਹੀ ਹੀ ਸ਼ਮੂਲੀਅਤ ਜਾਂ ਵਚਨਬੱਧਤਾ ਮੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਦੇਣ ਦੀ ਤੁਹਾਨੂੰ ਕੋਈ ਲੋੜ ਨਹੀਂ?