‘ਆਪ’ ਨੇ ਕੈਪਟਨ ਤੋਂ ਸੂਬੇ ਵਿਚ ਸਵਾਈਨ ਫਲੂ ਨਾਲ ਹੋਇਆਂ ਮੌਤਾਂ ਲਈ ਸਪਸ਼ਟੀਕਰਨ ਮੰਗਿਆ
ਚੰਡੀਗੜ੍ਹ- ਆਮ ਆਦਮੀ ਪਾਰਟੀ ਨੇ ਸੂਬੇ ਵਿਚ ਵੱਧ ਰਹੇ ਸਵਾਈਨ ਫਲੂ ਦੇ ਕੇਸਾਂ ਨਾਲ ਹੋ ਰਹੀਆਂ ਮੌਤਾਂ ਦਾ ਮੁੱਦਾ ਚੁੱਕਦਿਆਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੁਆਰਾ ਇਸ ‘ਤੇ ਕੋਈ ਕਾਰਵਾਈ ਨਾ ਕਰਨ ਉੱਤੇ ਤਿੱਖਾ ਪ੍ਰਤੀਕਰਮ ਕਰਦਿਆਂ ਕਿਹਾ ਕਿ ਸਰਕਾਰ ਨੇ ਸੂਬੇ ਦੇ ਨਾਗਰਿਕਾਂ ਦੇ ਸਿਹਤ ਨਾਲ ਸੰਬੰਧਿਤ ਮੁੱਦਿਆਂ ਤੋਂ ਦੂਰੀ ਬਣਾ ਕੇ ਆਪਣੀ ਅਸੰਵੇਦਨਸ਼ੀਲਤਾ ਦਾ ਨਮੂਨਾ ਪੇਸ਼ ਕੀਤਾ ਹੈ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਵਿਧਾਇਕ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਸੂਬੇ ਵਿਚ ਐਚ-1 ਐਨ-1 ਵਾਇਰਸ ਨੇ ਅਣਗਿਣਤ ਲੋਕਾਂ ਦੀਆਂ ਜਾਨਾਂ ਲੈ ਲਈਆਂ ਹਨ ਪਰੰਤੂ ਸੂਬਾ ਸਰਕਾਰ ਅਤੇ ਸਿਹਤ ਵਿਭਾਗ ਗੁੂੜੀ ਨੀਂਦ ਸੁਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੂੰ ਫ਼ੌਰੀ ਤੌਰ ‘ਤੇ ਇਸ ਉੱਤੇ ਕਾਰਵਾਈ ਕਰਨੀ ਚਾਹੀਦੀ ਸੀ ਜਿਸ ਨਾਲ ਕਿ ਬੇਕਸੂਰਾਂ ਦੀਆਂ ਜਾਨਾਂ ਬਚਾਇਆਂ ਜਾ ਸਕਦੀਆਂ ਸਨ।
ਮਾਣੂੰਕੇ ਨੇ ਕਿਹਾ ਕਿ ਹਰ ਰੋਜ਼ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਮੀਡੀਆ ਦੀਆਂ ਖ਼ਬਰਾਂ ਰਾਹੀਂ ਸਵਾਈਨ ਫਲੂ ਦੇ ਕੇਸਾਂ ਦੀ ਜਾਣਕਾਰੀ ਮਿਲ ਰਹੀ ਹੈ ਪਰੰਤੂ ਨਾ ਤਾਂ ਸਰਕਾਰ ਨੇ ਇਸ ਸੰਬੰਧੀ ਕੋਈ ਅਲਰਟ ਜਾਰੀ ਕੀਤਾ ਹੈ ਅਤੇ ਨਾ ਸਿਹਤ ਵਿਭਾਗ ਨੇ ਕਿਸੇ ਪ੍ਰਕਾਰ ਦੀ ਟੀਮ ਦਾ ਗਠਨ ਕਰ ਕੇ ਇਸ ਦੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਦੇ ਸ਼ਹਿਰ ਪਟਿਆਲਾ ਵਿਚ ਹੁਣ ਤੱਕ 11 ਕੇਸਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਦਕਿ ਲੁਧਿਆਣਾ ਅਤੇ ਰੋਪੜ ਵਿਚ 7-7 ਅਤੇ ਮੋਹਾਲੀ ਵਿਚ 5 ਕੇਸ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਮਾਰੂ ਵਾਇਰਸ ਨੇ ਪਿਛਲੀ ਦੋ ਹਫ਼ਤਿਆਂ ਵਿਚ ਹੀ ਅਨੇਕਾਂ ਜਾਨਾਂ ਲੈ ਲਈਆਂ ਹਨ।
ਮਾਣੂੰਕੇ ਨੇ ਕਿਹਾ ਕਿ ਸ਼ਰਮਨਾਕ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਵਿਚ ਹੀ ਇਸ ਬਿਮਾਰੀ ਦੀ ਰੋਕਥਾਮ ਅਤੇ ਇਲਾਜ ਲਈ ਨਾ ਤਾਂ ਦਵਾਈਆਂ ਮੌਜੂਦ ਹਨ ਅਤੇ ਨਾ ਹੀ ਇਸ ਸੰਬੰਧੀ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਨੂੰ ਦਿੱਲੀ ਦੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਤੋਂ ਸਿੱਖਿਆ ਲੈਂਦੇ ਹੋਏ ਸੂਬੇ ਦੇ ਲੋਕਾਂ ਦੀ ਸਿਹਤ ਦੇ ਮਸਲਿਆਂ ‘ਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਲਦ ਤੋਂ ਜਲਦ ਸਵਾਈਨ ਫਲੂ ਦੀਆਂ ਕੀਟਾਂ ਦਾ ਪ੍ਰਬੰਧ ਕਰਦੇ ਹੋਏ ਇਸ ਬਿਮਾਰੀ ਤੋਂ ਪੀੜਿਤ ਲੋਕਾਂ ਦੇ ਮੁਫ਼ਤ ਇਲਾਜ ਦਾ ਇੰਤਜ਼ਾਮ ਕਰੇ।